ਕਿਸੇ ਵੀ ਕੀਮਤ 'ਤੇ ਚੀਨ-ਪਾਕਿ ਆਰਥਕ ਲਾਂਘੇ ਨੂੰ ਪੂਰਾ ਕਰਾਂਗੇ : ਇਮਰਾਨ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, 60 ਅਰਬ ਦਾ ਇਹ ਪ੍ਰਾਜੈਕਟ ਪਾਕਿ ਤੇ ਚੀਨ ਦੀ ਸਦਾਬਹਾਰ ਦੋਸਤੀ ਦਾ ਪ੍ਰਤੀਕ ਹੈ

Imran Khan

ਇਸਲਾਮਾਬਾਦ, 4 ਜੁਲਾਈ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੀਨੀ-ਪਾਕਿਸਤਾਨ ਆਰਥਕ ਲਾਂਘੇ (ਸੀਪੀਈਸੀ) ਨੂੰ ਕਿਸੇ ਵੀ ਕੀਮਤ 'ਤੇ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ 60 ਅਰਬ ਡਾਲਰ ਦਾ ਇਹ ਪ੍ਰੋਜੈਕਟ ਦੋ ਦੇਸ਼ਾਂ ਦੀ ਸਦਾਬਹਾਰ ਦੋਸਤੀ ਦਾ ਪ੍ਰਤੀਕ ਹੈ।
ਸਥਾਨਕ ਅਖ਼ਬਾਰ ਡਾਨ ਦੀ ਇਕ ਖ਼ਬਰ ਮੁਤਾਬਕ, ਖ਼ਾਨ ਨੇ ਸੀਪੀਈਸੀ ਪ੍ਰੋਜੈਕਟ ਦੇ ਵਿਕਾਸ ਦੀ ਸਮੀਖਿਆ ਲਈ ਇਥੇ ਆਯੋਜਿਤ ਮੀਟਿੰਗ 'ਚ ਕਿਹਾ ਕਿ ਇਹ ਪਾਕਿਸਤਾਨ ਦੇ ਆਰਥਕ ਤੇ ਸਮਾਜਕ ਵਿਕਾਸ ਲਈ ਸ਼ਾਨਦਾਰ ਪ੍ਰੋਜੈਕਟ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਾਲ ਅਤੇ ਬਹੁਪੱਖੀ ਮੁਹਿੰਮ ਪਾਕਿਸਤਾਨ ਦੇ ਸ਼ਾਨਦਾਰ ਭਵਿੱਖ ਦੀ ਗਰੰਟੀ ਹੈ। ਖ਼ਾਨ ਨੇ ਸੀਪੀਈਸੀ ਅਥਾਰਟੀ ਦੇ ਪ੍ਰਦਰਸ਼ਨ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਸ ਦੀ ਕਾਰਜਸ਼ੈਲੀ ਵਧਾਉਣ ਲਈ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, ''ਇਹ ਲਾਂਘਾ ਪਾਕਿਸਤਾਨ ਅਤੇ ਚੀਨ ਦੀ ਦੋਸਤੀ ਦਾ ਪ੍ਰਤੀਕ ਹੈ ਅਤੇ ਮੇਰੀ ਸਰਕਾਰ ਇਸ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਕਰੇਗੀ ਤੇ ਪਾਕਿਸਤਾਨ ਦੇ ਹਰ ਨਾਗਰਿਕ ਤਕ ਇਸ ਦੇ ਫ਼ਾਇਦੇ ਪਹੁੰਚਾਏਗੀ। ''

ਖ਼ਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਨੇ ਇਕ ਹੀ ਦਿਨ ਪਹਿਲਾਂ ਪਾਕਿਸਤਾਨ ਦੇ ਅਪਣੇ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਫ਼ੋਨ 'ਤੇ ਗੱਲਬਾਤ 'ਚ ਸੀਪੀਈਸੀ ਪ੍ਰੋਜੈਕਟ ਬਾਰੇ ਚਰਚਾ ਕੀਤੀ ਸੀ। ਵਾਂਗ ਨੇ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਉਭਾਰਨ ਲਈ ਸੀਪੀਈਸੀ ਦੇ ਪ੍ਰੋਜੈਕਅ ਨੂੰ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿਤਾ ਸੀ। ਉਨ੍ਹਾਂ ਨੇ ਇਹ ਉਮੀਦ ਪ੍ਰਗਟਾਈ ਸੀ ਕਿ ਪਾਕਿਸਤਾਨ ਦੀ ਸਰਕਾਰ ਉਥੇ ਕੰਮ ਕਰ ਰਹੀ ਚੀਨ ਦੀ ਕੰਪਨੀਆਂ ਅਤੇ ਚੀਨੀ ਲੋਕਾਂ ਨੂੰ ਬਿਹਤਰ ਸੁਰੱਖਿਆ ਮੁਹੱਈਆ ਕਰਾਏਗੀ।

ਸੀਪੀਈਸੀ ਪਾਕਿਸਤਾਨ ਦੇ ਬਲੂਚਿਸਤਾਨ 'ਚ ਸਥਿਤ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਯਾਂਗ ਸੂਬੇ ਨਾਲ ਜੋੜਤਾ ਹੈ। ਇਹ ਚੀਨ ਦੀ ਕਈ ਅਰਬ ਦੀ ਉਤਸ਼ਾਹੀ ਬੇਲਟ ਐਂਡ ਰੋਡ ਈਨੀਸ਼ਿਏਟਿਵ (ਬੀਆਰਆਈ) ਦਾ ਮੁੱਖ ਪ੍ਰੋਜੈਕਟ ਹੈ। ਸੀਪੀਈਸੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਨਿਕਲਦਾ ਹੈ । ਇਸ ਕਾਰਨ ਭਾਰਤ ਸ਼ੁਰੂਆਤ ਤੋਂ ਹੀ ਇਸ ਪ੍ਰੋਜੈਕਟ ਦਾ ਵਿਰੋਧ ਕਰਦਾ ਆਇਆ ਹੈ।    (ਪੀਟੀਆਈ)