ਜੰਗਬੰਦੀ ਮਗਰੋਂ ਭਾਰਤ-ਪਾਕਿ ਵਿਚਾਲੇ 5 ਲੱਖ ਡਾਲਰ ਦਾ ਹੋਇਆ ਵਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਬਈ, ਕੋਲੰਬੋ ਅਤੇ ਸਿੰਗਾਪੁਰ ਰਾਹੀਂ ਪਾਕਿ 'ਚ ਜਾਂਦੀਆਂ ਹਨ ਭਾਰਤੀ ਵਸਤੂਆਂ

Trade worth $500,000 between India and Pakistan after ceasefire

ਇਸਲਾਮਾਬਾਦ : ਪਾਕਿਸਤਾਨ ਅਤੇ ਭਾਰਤ ਵਿਚਾਲੇ ਥੋੜ੍ਹੇ ਸਮੇਂ ਲਈ ਫੌਜੀ ਟਕਰਾਅ ਅਤੇ ਸਰਹੱਦਾਂ ਦੇ ਲਗਾਤਾਰ ਬੰਦ ਹੋਣ ਦੇ ਬਾਵਜੂਦ ਵਪਾਰ ਮਈ ’ਚ ਵੀ ਜਾਰੀ ਰਿਹਾ। ਇਹ ਵਪਾਰ ਮੂਲ ਰੂਪ ’ਚ ਇਕ ਤੀਜੇ ਦੇਸ਼ ਰਾਹੀਂ ਜਾਰੀ ਰਿਹਾ।

ਪਾਕਿਸਤਾਨੀ ਦੇ ਅਖ਼ਬਾਰ ‘ਦ ਡਾਅਨ’ ਨੇ ਸਟੇਟ ਬੈਂਕ ਆਫ ਪਾਕਿਸਤਾਨ (ਐਸ.ਬੀ.ਪੀ.) ਦੇ ਅੰਕੜਿਆਂ ਦੇ ਹਵਾਲੇ ਨਾਲ ਦਸਿਆ  ਕਿ ਜੁਲਾਈ-ਮਈ ਵਿੱਤੀ ਸਾਲ 2025 ਦੌਰਾਨ ਭਾਰਤ ਤੋਂ ਆਯਾਤ ਤਿੰਨ ਸਾਲ ਦੇ ਉੱਚੇ ਪੱਧਰ ਉਤੇ  ਪਹੁੰਚ ਗਿਆ।

ਰੀਪੋਰਟ  ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2025 ਦੇ ਪਹਿਲੇ 11 ਮਹੀਨਿਆਂ ’ਚ ਭਾਰਤ ਤੋਂ ਆਯਾਤ 21.15 ਕਰੋੜ ਡਾਲਰ ਰਹੀ, ਜੋ ਵਿੱਤੀ ਸਾਲ 2024 ’ਚ 20.7 ਕਰੋੜ ਡਾਲਰ ਅਤੇ ਵਿੱਤੀ ਸਾਲ 2023 ’ਚ 19 ਕਰੋੜ ਡਾਲਰ ਨੂੰ ਪਾਰ ਕਰ ਗਿਆ। ਇਕੱਲੇ ਮਈ ’ਚ ਹੀ ਆਯਾਤ 1.5 ਕਰੋੜ ਡਾਲਰ ਰਹੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ’ਚ 1.7 ਕਰੋੜ ਡਾਲਰ ਸੀ।

ਹਾਲਾਂਕਿ, ਪਾਕਿਸਤਾਨ ਦਾ ਭਾਰਤ ਨੂੰ ਨਿਰਯਾਤ ਨਾਮਾਤਰ ਰਿਹਾ। ਮਈ ’ਚ ਭਾਰਤ ਨੂੰ ਨਿਰਯਾਤ ਸਿਰਫ 1,000 ਡਾਲਰ ਦਰਜ ਕੀਤਾ ਗਿਆ ਸੀ, ਜਦਕਿ  ਜੁਲਾਈ-ਮਈ ਵਿੱਤੀ ਸਾਲ 2025 ਦੌਰਾਨ ਕੁਲ  ਨਿਰਯਾਤ ਸਿਰਫ 5 ਲੱਖ ਡਾਲਰ ਸੀ। ਵਿੱਤੀ ਸਾਲ 2024 ਅਤੇ ਵਿੱਤੀ ਸਾਲ 2023 ’ਚ ਨਿਰਯਾਤ ਕ੍ਰਮਵਾਰ 34.4 ਲੱਖ ਡਾਲਰ ਅਤੇ 03.3 ਲੱਖ ਡਾਲਰ ਰਿਹਾ, ਜੋ ਦੁਵਲੇ ਵਪਾਰ ਦੀ ਇਕਪਾਸੜ ਕਿਸਮ ਨੂੰ ਦਰਸਾਉਂਦਾ ਹੈ।

ਪਾਕਿਸਤਾਨ ਅਤੇ ਭਾਰਤ ਵਿਚਾਲੇ ਰਸਮੀ ਵਪਾਰਕ ਸਬੰਧ 2019 ਤੋਂ ਪ੍ਰਭਾਵਤ  ਹੋਏ ਹਨ। ਹਾਲਾਂਕਿ, 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ, ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ, ਭਾਰਤ ਨੇ ਕਈ ਉਪਾਅ ਕੀਤੇ, ਜਿਸ ਵਿਚ ਅਟਾਰੀ ਲੈਂਡ-ਟਰਾਂਜ਼ਿਟ ਪੋਸਟ ਨੂੰ ਤੁਰਤ  ਬੰਦ ਕਰਨਾ ਸ਼ਾਮਲ ਹੈ, ਜਿਸ ਦੀ ਵਰਤੋਂ ਕੁੱਝ  ਕਿਸਮਾਂ ਦੇ ਸਾਮਾਨ ਦੀ ਆਵਾਜਾਈ ਲਈ ਕੀਤੀ ਜਾਂਦੀ ਹੈ।

ਇਸ ਦੇ ਜਵਾਬ ਵਿਚ ਪਾਕਿਸਤਾਨ ਨੇ ਵੀ ਐਲਾਨ ਕੀਤਾ ਕਿ ਪਾਕਿਸਤਾਨ ਦੇ ਰਸਤੇ ਕਿਸੇ ਤੀਜੇ ਦੇਸ਼ ਸਮੇਤ ਭਾਰਤ ਨਾਲ ਸਾਰੇ ਵਪਾਰ ਨੂੰ ਤੁਰਤ  ਮੁਅੱਤਲ ਕਰ ਦਿਤਾ ਗਿਆ ਹੈ।

ਵਪਾਰੀ ਤਣਾਅਪੂਰਨ ਸਮੇਂ ਦੌਰਾਨ ਆਯਾਤ ਜਾਰੀ ਰੱਖਣ ਬਾਰੇ ਗੱਲ ਕਰਨ ਤੋਂ ਝਿਜਕਦੇ ਰਹੇ। ਹਾਲਾਂਕਿ, ਇਕ  ਵਪਾਰੀ ਨੇ ਸੁਝਾਅ ਦਿਤਾ: ‘‘ਇਹ ਕਿਸੇ ਤੀਜੇ ਦੇਸ਼ ਤੋਂ ਆਇਆ ਹੋ ਸਕਦਾ ਹੈ ਅਤੇ ਮਈ ਦੀ ਆਯਾਤ ਦਾ ਭੁਗਤਾਨ ਜੰਗ ਤੋਂ ਪਹਿਲਾਂ ਕੀਤਾ ਗਿਆ ਹੋਵੇਗਾ।’’

ਹਾਲਾਂਕਿ ਅਧਿਕਾਰਤ ਅੰਕੜੇ ਸੀਮਤ ਵਪਾਰ ਨੂੰ ਦਰਸਾਉਂਦੇ ਹਨ, ਕੁੱਝ  ਖੋਜ ਸੰਸਥਾਵਾਂ ਦਾ ਦਾਅਵਾ ਹੈ ਕਿ ਅਸਲ ਵਪਾਰ ਬਹੁਤ ਜ਼ਿਆਦਾ ਹੈ। ‘ਦ ਡਾਅਨ’ ਨੇ ਇਕ ਖੋਜ ਸੰਸਥਾ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਦਾ ਗੈਰ-ਅਧਿਕਾਰਤ ਨਿਰਯਾਤ ਸਾਲਾਨਾ 10 ਅਰਬ ਡਾਲਰ ਦਾ ਹੈ, ਜੋ ਮੁੱਖ ਤੌਰ ਉਤੇ  ਦੁਬਈ, ਕੋਲੰਬੋ ਅਤੇ ਸਿੰਗਾਪੁਰ ਰਾਹੀਂ ਹੁੰਦਾ ਹੈ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਪਾਕਿਸਤਾਨ ਦੀ ਉਤਪਾਦਨ ਦੀ ਉੱਚ ਲਾਗਤ ਅਤੇ ਵਿਦੇਸ਼ੀ ਨਿਵੇਸ਼ਾਂ ਉਤੇ  ਉਦਯੋਗਿਕ ਨਿਰਭਰਤਾ ਕਾਰਨ ਗੈਰ-ਅਧਿਕਾਰਤ ਵਪਾਰ ਮਜ਼ਬੂਤ ਬਣਿਆ ਹੋਇਆ ਹੈ। ਇਕ ਨਿਰਯਾਤਕ ਨੇ ਕਿਹਾ, ‘‘ਸਾਨੂੰ ਭਾਰਤ ਤੋਂ ਤਸਕਰੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਕਿਸਤਾਨ ਵਿਚ ਉਤਪਾਦਨ ਦੀ ਲਾਗਤ ਖੇਤਰ ਵਿਚ ਸੱਭ ਤੋਂ ਵੱਧ ਹੈ, ਜੋ ਭਾਰਤ, ਚੀਨ ਅਤੇ ਬੰਗਲਾਦੇਸ਼ ਤੋਂ ਮਾਲ ਲਈ ਮੌਕਾ ਦਿੰਦਾ ਹੈ।’’