ਇੰਗਲੈਂਡ 'ਚ ਸਿੱਖ ਪ੍ਰਚਾਰਕ 'ਤੇ ਹਮਲਾ, CCTV ਤਸਵੀਰਾਂ ਆਈਆਂ ਸਾਹਮਣੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਰਿਵਾਰ ਤੇ ਪੁਲਿਸ ਵੱਲੋਂ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ

Attack on a 62-year-old Sikh priest in Manchester

 

ਮਾਨਚੈਸਟਰ: 23 ਜੂਨ ਨੂੰ ਹੋਏ ਇੱਕ ਹਮਲੇ ਦਾ ਸ਼ਿਕਾਰ 62 ਸਾਲਾ ਸਿੱਖ ਪ੍ਰਚਾਰਕ ਹਸਪਤਾਲ ਵਿਚ ਦਾਖਲ ਹੈ। CCTV ਤਸਵੀਰਾਂ ’ਚ ਸਾਹਮਣੇ ਆਇਆ ਕਿ ਮਾਨਚੈਸਟਰ ਵਿਚ ਹਿਲਟਨ ਸਟਰੀਟ ਦੇ ਨੇੜੇ ਇੱਕ ਅਣਪਛਾਤੇ ਵਿਅਕਤੀ ਦੁਆਰਾ ਪੀੜਤ ਉੱਤੇ ਹਮਲਾ ਕੀਤਾ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪੀੜਤ ਨੂੰ ਬੇਹੋਸ਼ ਕਰ ਕੇ ਮੌਕੇ ਤੋਂ ਭੱਜ ਗਿਆ।  

ਇਹ ਘਟਨਾ ਸ਼ਹਿਰ ਦੇ ਉੱਤਰੀ ਕੁਆਰਟਰ ਵਿਚ ਵਾਪਰੀ ਸੀ, ਪਰ ਹਮਲਾਵਰ ਦੀ ਪਛਾਣ ਕਰਨ ਵਿਚ ਮਦਦ ਵਾਸਤੇ ਗ੍ਰੇਟਰ ਮਾਨਚੈਸਟਰ ਪੁਲਿਸ ਦੁਆਰਾ ਇਸ ਹਫ਼ਤੇ ਦੇ ਸ਼ੁਰੂ ਵਿਚ CCTV ਫੁਟੇਜ ਜਾਰੀ ਕੀਤੀ ਗਈ ਸੀ। CCTV ਫੁਟੇਜ ਵਿਚ ਸਾਹਮਣੇ ਆਇਆ ਕਿ ਇੱਕ ਵਿਅਕਤੀ ਦੁਆਰਾ ਪੀੜਤ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਨੇ ਪੀੜਤ ਨੂੰ ਖੂਨ ਨਾਲ ਲੱਥਪੱਥ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਸੜਕ ਦੇ ਵਿਚਕਾਰ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮਾਨਚੈਸਟਰ ਪੁਲਿਸ ਨੇ ਹਮਲੇ ਦੀ CCTV ਫੁਟੇਜ ਦੇ ਨਾਲ-ਨਾਲ ਇੱਕ ਆਦਮੀ ਅਤੇ ਔਰਤ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜਾਂਚ ਵਿਚ ਪੁਲਿਸ ਦੀ ਮਦਦ ਕਰਨਗੇ।

ਪਰਿਵਾਰ ਨੇ ਹਮਲੇ ਨੂੰ 'ਬੇਸਮਝ' ਅਤੇ 'ਹਿੰਸਕ' ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਅਜ਼ੀਜ਼ ਨੂੰ 'ਮੈਨਚੈਸਟਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਮਰਨ ਲਈ ਛੱਡ ਦਿੱਤਾ ਗਿਆ।'
ਪਰਿਵਾਰ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਘਟਨਾ ਬਾਰੇ ਜੋ ਕੁਝ ਵੀ ਜਾਣਦਾ ਹੈ, ਜਾਂ ਅਪਰਾਧੀ ਨੂੰ ਜਾਣਦਾ ਹੈ, ਉਹ ਅੱਗੇ ਆਵੇ।