ਉਦਯੋਗਪਤੀ ਗੋਪੀਚੰਦ ਹਿੰਦੂਜਾ ਦਾ ਲੰਡਨ ’ਚ ਦਿਹਾਂਤ
ਅਸ਼ੋਕ ਲੇਅਲੈਂਡ ਨੂੰ ਪਟੜੀ ਉਤੇ ਲਿਆਉਣ ਦਾ ਦਿਤਾ ਜਾਂਦੈ ਸਿਹਰਾ
ਲੰਡਨ : ਉੱਘੇ ਉਦਯੋਗਪਤੀ ਅਤੇ ਹਿੰਦੂਜਾ ਗਰੁੱਪ ਦੇ ਚੇਅਰਮੈਨ ਗੋਪੀਚੰਦ ਪੀ. ਹਿੰਦੂਜਾ ਦਾ ਲੰਡਨ ’ਚ ਦਿਹਾਂਤ ਹੋ ਗਿਆ ਹੈ। ਉਹ 85 ਸਾਲਾਂ ਦੇ ਸਨ। ਪਰਵਾਰ ਦੇ ਨਜ਼ਦੀਕੀ ਸੂਤਰਾਂ ਨੇ ਦਸਿਆ ਕਿ ਅਸ਼ੋਕ ਲੇਲੈਂਡ ਨੂੰ ਹਾਸਲ ਕਰਨ ਅਤੇ ਇਸ ਨੂੰ ਇਕ ਸਫਲ ਵਾਹਨ ਨਿਰਮਾਤਾ ਬਣਾਉਣ ਵਾਲੇ ਹਿੰਦੂਜਾ ਪਿਛਲੇ ਕੁੱਝ ਹਫ਼ਤਿਆਂ ਤੋਂ ਬਿਮਾਰ ਸਨ ਅਤੇ ਲੰਡਨ ਦੇ ਇਕ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਬਰਤਾਨੀਆਂ ਦੇ ਸੱਭ ਤੋਂ ਅਮੀਰ ਪਰਵਾਰ ਦੇ ਮੁਖੀ ਹਿੰਦੂਜਾ ਨੂੰ ਵੀ ਅਪਣੇ ਦੋ ਭਰਾਵਾਂ ਦੇ ਨਾਲ ਬੋਫ਼ੋਰਸ ਘਪਲੇ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਗੋਪੀਚੰਦ ਦਾ ਜਨਮ 1940 ’ਚ ਹੋਇਆ ਸੀ। ਉਹ ਚਾਰ ਹਿੰਦੂਜਾ ਭਰਾਵਾਂ ’ਚੋਂ ਦੂਜੇ ਨੰਬਰ ਉਤੇ ਸਨ।
ਉਨ੍ਹਾਂ ਨੇ ਸਮੂਹ ਨੂੰ ਆਟੋਮੋਬਾਈਲ, ਊਰਜਾ, ਬੈਂਕਿੰਗ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਇਕ ਗਲੋਬਲ ਸਮੂਹ ਬਣਾਇਆ। ਮਈ, 2023 ਵਿਚ ਅਪਣੇ ਵੱਡੇ ਭਰਾ ਸ਼੍ਰੀਚੰਦ ਹਿੰਦੂਜਾ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ 35 ਅਰਬ ਪੌਂਡ ਦੇ ਹਿੰਦੂਜਾ ਸਮੂਹ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਉਹ ਅਪਣੇ ਪਿੱਛੇ ਪਤਨੀ ਸੁਨੀਤਾ, ਬੇਟੇ ਸੰਜੇ ਅਤੇ ਧੀਰਜ ਅਤੇ ਧੀਰ ਅਤੇ ਧੀ ਰੀਟਾ ਨੂੰ ਛੱਡ ਗਏ ਹਨ। 1959 ਵਿਚ ਮੁੰਬਈ ਦੇ ਜੈ ਹਿੰਦ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਗੋਪੀਚੰਦ ਨੇ ਤਹਿਰਾਨ ਵਿਚ ਪਰਵਾਰਕ ਕਾਰੋਬਾਰ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਰ ਵੱਖ-ਵੱਖ ਦੇਸ਼ਾਂ ਵਿਚ ਕੰਮ ਦਾ ਵਿਸਥਾਰ ਕੀਤਾ। ਉਨ੍ਹਾਂ ਦੀ ਅਗਵਾਈ ਹੇਠ, ਸਮੂਹ ਨੇ 1984 ਵਿਚ ਗਲਫ਼ ਆਇਲ ਹਾਸਲ ਕੀਤਾ। ਇਸ ਤੋਂ ਬਾਅਦ 1987 ਵਿਚ ਭਾਰਤੀ ਆਟੋਮੋਬਾਈਲ ਨਿਰਮਾਤਾ ਅਸ਼ੋਕ ਲੇਲੈਂਡ ਦੀ ਪ੍ਰਾਪਤੀ ਕੀਤੀ ਗਈ, ਜੋ ਕਿ ਭਾਰਤ ਵਿਚ ਪਹਿਲਾ ਵੱਡਾ ਐਨ.ਆਰ.ਆਈ. ਨਿਵੇਸ਼ ਸੀ।
ਅਸ਼ੋਕ ਲੇਲੈਂਡ ਨੂੰ ਭਾਰਤੀ ਕੰਪਨੀ ਦੇ ਇਤਿਹਾਸ ਵਿਚ ਹੁਣ ਤਕ ਦੀਆਂ ਸੱਭ ਤੋਂ ਸਫ਼ਲ ਬਦਲਾਅ ਦੀਆਂ ਕਹਾਣੀਆਂ ’ਚੋਂ ਇਕ ਮੰਨਿਆ ਜਾਂਦਾ ਹੈ। ਉਹ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਸਮੂਹ ਦੇ ਦਾਖ਼ਲੇ ਪਿੱਛੇ ਵੀ ਅਹਿਮ ਭੂਮਿਕਾ ਵਿਚ ਸਨ। ਉਨ੍ਹਾਂ ਨੇ ਭਾਰਤ ਵਿਚ ਊਰਜਾ ਉਤਪਾਦਨ ਸਮਰੱਥਾ ਦੇ ਨਿਰਮਾਣ ਲਈ ਸਮੂਹ ਦੀ ਯੋਜਨਾ ਨੂੰ ਰੂਪ ਦੇਣ ਦੇ ਕੰਮ ਦੀ ਅਗਵਾਈ ਕੀਤੀ।