ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਆਏ 36 ਬ੍ਰਿਟਿਸ਼ MP, ਭਾਰਤ 'ਤੇ ਦਬਾਅ ਬਣਾਉਣ ਦੀ ਕੀਤੀ ਮੰਗ 

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੇ ਕਈ ਸੰਸਦ ਮੈਂਬਰਾਂ ਨੇ ਵਿਦੇਸ਼ ਸਕੱਤਰ ਨੂੰ ਲਿਖੀ ਚਿੱਠੀ

36 British MPs send letter to UK foreign secretary over farmer protests in India

ਲੰਡਨ: ਬ੍ਰਿਟੇਨ ਦੇ ਕੁਝ ਸੰਸਦ ਮੈਂਬਰਾਂ ਨੇ ਬ੍ਰਿਟੇਨ ਸਰਕਾਰ ਨੂੰ ਖੇਤੀ ਕਾਨੂੰਨਾਂ ਸਬੰਧੀ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਬ੍ਰਿਟੇਨ ਦੇ ਭਾਰਤੀ ਮੂਲ ਅਤੇ ਪੰਜਾਬ ਨਾਲ ਸਬੰਧ ਰੱਖਣ ਵਾਲੇ 36 ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਨਾਲ ਇਸ ਮੁੱਦੇ ਨੂੰ ਚੁੱਕਣ ਦੀ ਗੱਲ ਕੀਤੀ ਹੈ। ਸੰਸਦ ਮੈਂਬਰਾਂ ਨੇ ਵਿਦੇਸ਼ ਸਕੱਤਰ ਡਾਮਿਨਿਕ ਰੈਬ ਨੂੰ ਚਿੱਠੀ ਲਿਖੀ ਕਿ ਉਹ ਕਿਸਾਨੀ ਸੰਘਰਸ਼ ਨੂੰ ਲੈ ਕੇ ਮੋਦੀ ਸਰਕਾਰ ਨਾਲ ਚਰਚਾ ਕਰਨ।  

ਦਰਅਸਲ ਇੰਗਲੈਂਡ ਦੇ ਪੰਜਾਬੀਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਅਪਣਾ ਰੋਸ ਜ਼ਾਹਿਰ ਕਰਨ ਲਈ ਅਪਣੇ ਐਮਪੀ ਤਨਮਨਜੀਤ ਸਿੰਘ ਢੇਸੀ ਕੋਲ ਪਹੁੰਚ ਕੀਤੀ, ਜਿਸ ਤੋਂ ਬਾਅਦ ਐਮਪੀ ਢੇਸੀ ਨੇ ਅਪਣੇ ਹੋਰ ਪਾਰਲੀਮੈਂਟ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਭਾਰਤ ਸਰਕਾਰ ਨੂੰ ਲਿਖੀ ਇਕ ਚਿੱਠੀ ਇੰਗਲੈਂਡ ਦੇ ਵਿਦੇਸ਼ ਮੰਤਰੀ ਨੂੰ ਸੌਂਪੀ ਹੈ।

ਇਸ ਚਿੱਠੀ 'ਤੇ ਹਸਤਾਖਰ ਕਰਨ ਵਾਲੇ ਨੇਤਾਵਾਂ ਵਿਚ  ਜੇਰੇਮੀ ਕਾਰਬਿਨ, ਵੀਰੇਂਦਰ ਸ਼ਰਮਾ, ਸੀਮਾ ਮਲਹੋਤਰਾ, ਵੈਲੇਰੀ ਵਾਜ, ਨਾਦੀਆ ਵਿਹਚੋਮ, ਪੀਟਲ ਬਾਟਮਲੀ, ਜਾਨ ਮੈਕਕਾਲਨ, ਮਾਰਟਨ ਡਾਕਟਰੀ ਹਿਊਜੇਸ ਤੇ ਐਲਿਸਨ ਥੇਵਲਿਸ ਅਦਿ ਨੇਤਾ ਸ਼ਾਮਲ ਹਨ।

ਚਿੱਠੀ ਵਿਚ ਲਿਖਿਆ ਗਿਆ ਕਿ ਇਹ ਬ੍ਰਿਟੇਨ ਦੇ ਸਿੱਖਾਂ ਤੇ ਪੰਜਾਬ ਨਾਲ ਜੁੜੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਕਈ ਬ੍ਰਿਟਿਸ਼ ਸਿੱਖਾਂ ਤੇ ਪੰਜਾਬੀਆਂ ਨੇ ਅਪਣੇ ਸੰਸਦ ਮੈਂਬਰਾਂ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ਹੈ। ਅਜਿਹਾ ਦੱਸਿਆ ਗਿਆ ਹੈ ਕਿ ਕਈ ਸੰਸਦ ਮੈਂਬਰਾਂ ਨੇ ਹਾਲ ਹੀ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਭਾਰਤ ਦੇ ਤਿੰਨ ਖੇਤੀ ਕਾਨੂੰਨਾਂ ਦੇ ਪ੍ਰਭਾਵ ਬਾਰੇ ਵੀ ਲਿਖਿਆ ਸੀ।

ਚਿੱਠੀ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਕਾਨੂੰਨ ਕਿਸਾਨਾਂ ਨੂੰ ਸੋਸ਼ਣ ਤੋਂ ਬਚਾਉਣ ਤੇ ਉਹਨਾਂ ਦੀ ਉਪਜ ਦਾ ਉਚਿਤ ਮੁਲ ਤੈਅ ਕਰਨ ਵਿਚ ਅਸਫਲ ਹਨ। ਇਸ ਤੋਂ ਇਲਾਵਾ ਕਈ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਟਵਿਟਰ 'ਤੇ ਵੀ ਕਈ ਬਿਆਨ ਦਿੱਤੇ ਸੀ।

ਬ੍ਰਿਟਿਸ਼ ਸਿੱਖਾਂ ਦੀ ਆਲ ਪਾਰਟੀ ਪਾਰਲੀਮੈਂਟਰੀ ਦੀ ਮੁਖੀ ਪ੍ਰੀਤ ਕੌਰ ਨੇ ਵੀ ਕਿਸਾਨੀ ਸੰਘਰਸ਼ 'ਤੇ ਅਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਸੀ। ਦੱਸ ਦਈਏ ਕਿ ਦੁਨੀਆ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ।