ਜ਼ਿੰਦਾਦਿਲੀ ਦੀ ਮਿਸਾਲ! ਬਜ਼ੁਰਗ ਬੀਬੀ ਨੇ 82 ਸਾਲ ਦੀ ਉਮਰ 'ਚ ਹਾਸਲ ਕੀਤੀ PHD ਦੀ ਡਿਗਰੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ- ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਟੀਚਿਆਂ ਨੂੰ ਸਰ ਕਰਨ ਲਈ ਆਪਣੇ ਸੁਫ਼ਨਿਆਂ ਨੂੰ ਮੱਘਦਾ ਰੱਖੋ

Alison 82, has completed her PhD

ਮੈਲਬਰਨ : ਉਮਰ ਕਦੇ ਕੋਈ ਕੰਮ ਕਰਨ ਲਈ ਮੁਥਾਜ ਨੀ ਹੁੰਦੀ ਸਗੋਂ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਅਤੇ ਹੌਸਲੇ ਬੁਲੰਦ ਹੋਣ ਤਾਂ ਔਖੇ ਤੋਂ ਔਖੇ ਕੰਮ ਨੂੰ ਵੀ ਆਸਾਨੀ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ।  ਇਸੇ ਹੀ ਕਥਨ ਨੂੰ ਆਸਟ੍ਰੇਲੀਆ ਦੀ ਇੱਕ ਬਜ਼ੁਰਗ ਬੀਬੀ ਨੇ ਸੱਚ ਕਰ ਦਿਖਾਇਆ ਹੈ।  

ਅਸਲ ਵਿੱਚ ਮੈਲਬਰਨ ਵਿਖੇ ਇੱਕ 82 ਸਾਲਾ ਬਜ਼ੁਰਗ ਬੀਬੀ ਨੇ ਸਥਾਨਕ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ। ਬੀਬੀ ਐਲਿਸਨ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਪਰਿਵਾਰ ਪਿਛੋਕੜ ਉੱਚ ਸਿੱਖਿਆ ਦੇ ਬਹੁਤਾ ਹੱਕ ਵਿੱਚ ਨਹੀਂ ਸੀ। ਉਸ ਦਾ 21 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ, ਜਿਸ ਮਗਰੋਂ ਬੱਚਿਆਂ ਸਮੇਤ ਬਿਮਾਰ ਪਤੀ ਦੀ ਜ਼ਿੰਮੇਵਾਰੀ ਸਿਰ ਪੈਣ ਕਾਰਨ ਉਸ ਦੇ ਪਰਿਵਾਰਕ ਰੁਝੇਵੇਂ ਵਧ ਗਏ। ਉੱਚ ਸਿੱਖਿਆ ਹਾਸਲ ਕਰਨ ਦੇ ਸੁਫ਼ਨੇ ਨੂੰ ਜਿਊਂਦਾ ਰੱਖਦਿਆਂ ਐਲਿਸਨ ਨੇ ਉਮਰ ਦੇ 40 ਵਰ੍ਹੇ ਟੱਪ ਕੇ ਗ੍ਰੈਜੂਏਸ਼ਨ ਕੀਤੀ। 

ਅੱਗੇ ਜਾਣਕਾਰੀ ਦਿੰਦਿਆਂ ਐਲਿਸਨ ਨੇ ਦੱਸਿਆ ਕਿ ਇਸ ਮਗਰੋਂ ਉਮਰ ਦੇ 78ਵੇਂ ਸਾਲ ਵਿੱਚ ਉਸ ਨੇ ਇੱਥੋਂ ਦੀ ਡੀਕਨ ਯੂਨੀਵਰਸਿਟੀ ਵਿੱਚ ਪੀਐੱਚਡੀ ਸ਼ੁਰੂ ਕੀਤੀ। ਐਲਿਸਨ ਦਾ ਕਹਿਣਾ ਹੈ ਕਿ ਆਪਣੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਟੀਚਿਆਂ ਨੂੰ ਸਰ ਕਰਨ ਲਈ ਆਪਣੇ ਸੁਫ਼ਨਿਆਂ ਨੂੰ ਮੱਘਦਾ ਰੱਖਣਾ ਚਾਹੀਦਾ ਹੈ। ਐਲਿਸਨ ਦੀ ਖੋਜ ਦਾ ਵਿਸ਼ਾ ਇੱਕੋ ਧਰਮ ਵਿਚਲੇ ਦੋ ਵੱਖਰੇ ਤਬਕਿਆਂ ਦੇ ਤਜਰਬਿਆਂ ਅਤੇ ਉਨ੍ਹਾਂ ਦੇ ਨਤੀਜਿਆਂ ’ਤੇ ਆਧਾਰਿਤ ਸੀ। 

ਜ਼ਿਕਰਯੋਗ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਈ ਉੱਘੀਆਂ ਸੰਸਥਾਵਾਂ ਵਿੱਚ ਵਡੇਰੀ ਉਮਰ ਦੇ ਪਾੜ੍ਹਿਆਂ ਅਤੇ ਖੋਜਾਰਥੀਆਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ 40 ਸਾਲ ਦੀ ਉਮਰ ਮਗਰੋਂ ਡਿਗਰੀਆਂ ਕਰਨ ਆਉਂਦੇ ਵਿਦਿਆਰਥੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਜਿਸ ਦਾ ਕਾਰਨ ਸਿਰਫ ਰੁਜ਼ਗਾਰ ਹਾਸਲ ਕਰਨਾ ਨਹੀਂ ਸਗੋਂ ਸਵੈ-ਵਿਕਾਸ ਦੱਸਿਆ ਜਾ ਰਿਹਾ ਹੈ।