ਆਸਟ੍ਰੇਲੀਆ 'ਚ ਵਾਪਰਿਆ ਵੱਡਾ ਹਾਦਸਾ, ਭਾਰਤੀ ਮੂਲ ਦੇ 4 ਨੌਜਵਾਨਾਂ ਦੀ ਮੌਤ
ਇੱਕ ਡਰਾਈਵਰ ਦੀ ਬਚੀ ਜਾਨ, ਹੋਇਆ ਗੰਭੀਰ ਜ਼ਖ਼ਮੀ
ਆਸਟ੍ਰੇਲੀਆ: ਆਪਸ ਵਿੱਚ ਟਕਰਾਈਆਂ ਦੋ ਗੱਡੀਆਂ
ਭਾਰਤੀ ਮੂਲ ਦੇ 4 ਨੌਜਵਾਨਾਂ ਦੀ ਮੌਤ
-----
ਤੇਜ਼ ਰਫ਼ਤਾਰ ਅਤੇ ਸੀਟ ਬੈਲਟ ਨਾ ਲਗਾਉਣ ਕਾਰਨ ਵਾਪਰਿਆ ਹਾਦਸਾ: ਪੁਲਿਸ ਸੂਤਰ
ਮੈਲਬਰਨ : ਆਸਟ੍ਰੇਲੀਆ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਮੈਲਬੋਰਨ ਤੋਂ ਕਰੀਬ 200 ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਖੇਤਰੀ ਸ਼ਹਿਰ ਸ਼ੈਪਰਟਨ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਭਾਰਤੀ ਮੂਲ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਕਤ ਨੌਜਵਾਨ ਖੇਤਾਂ ਵਿਚੋਂ ਕੰਮ ਕਰ ਕੇ ਵਾਪਸ ਘਰ ਪਰਤ ਰਹੇ ਸਨ ਕਿ ਰਸਤੇ ਵਿੱਚ ਇੱਕ ਚੁਰਾਹੇ 'ਤੇ ਦੂਜੇ ਪਾਸਿਉਂ ਆ ਰਹੀ ਕਰ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਗੱਡੀ ਵਿਚੋਂ ਉੱਛਲ ਕੇ ਬਾਹਰ ਡਿੱਗ ਗਏ। 7news.com.au ਦੀ ਰਿਪੋਰਟ ਮੁਤਾਬਕ ਉਕਤ ਨੌਜਵਾਨਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ ਅਤੇ ਉਨ੍ਹਾਂ ਦੀਆਂ ਗੱਡੀਆਂ ਦੀ ਰਫ਼ਤਾਰ ਵੀ 100 ਪ੍ਰਤੀ ਘੰਟਾ ਸੀ। ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੂਜੀ ਗੱਡੀ ਵਾਲੇ ਡਰਾਈਵਰ ਨੂੰ ਸੱਟਾਂ ਲੱਗਿਆ ਹਨ ਜਿਸ ਨੂੰ ਹਵਾਈ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਫਿਲਹਾਲ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ, ਜਿਨ੍ਹਾਂ ਵਿੱਚੋਂ ਦੋ ਦੀ ਉਮਰ 40 ਸਾਲ ਦੇ ਨੇੜੇ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ ਸਿਰਫ ਗੱਡੀ ਦਾ ਚਾਲਕ ਹਰਿੰਦਰ ਰੰਧਾਵਾ ਜਿਊਂਦਾ ਬਚਿਆ ਹੈ, ਜੋ ਜ਼ੇਰੇ ਇਲਾਜ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਨੌਜਵਾਨਾਂ ਨੇ ਸੀਟ ਬੈਲਟ ਲਗਾਈ ਹੁੰਦੀ ਤਾਂ ਸਥਿਤੀ ਕੁਝ ਹੋਰ ਹੁੰਦੀ। ਪੁਲਿਸ ਅਧਿਕਾਰੀ ਗੋਲਡ ਸਮਿਥ ਨੇ ਸਥਾਨਕ ਮੀਡੀਆ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਇਹ ਹਾਦਸਾ ਸੱਚਮੁੱਚ ਬਹੁਤ ਭਿਆਨਕ ਲਗ ਰਿਹਾ ਹੈ ਜਿਸ ਦੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।