ਚੀਨ ’ਚ ਫੈਲਿਆ ਨਵਾਂ ਵਾਇਰਸ, ਜਾਣੋ ਕਿਹੜੇ ਇਸ ਦੇ ਲੱਛਣ
ਕੀ ਭਾਰਤ ’ਚ ਵੀ ਹੋਵੇਗਾ ਦਾਖ਼ਲ, ਕਿੰਝ ਬਚਣ ਦੀ ਹੈ ਲੋੜ
ਜਿਵੇਂ ਅਸੀਂ ਜਾਣਦੇ ਹੀ ਹਾਂ ਕਿ 2019-20 ਚੀਨ ’ਚ ਕੋਰੋਨਾ ਵਾਈਰਸ ਫ਼ੈਲ ਗਿਆ ਸੀ ਤੇ ਫਿਰ ਹੌਲੀ-ਹੌਲੀ ਸਾਰੇ ਮੁਲਕਾਂ ਵਿਚ ਫ਼ੈਲ ਗਿਆ ਸੀ। ਜਿਸ ਦੌਰਾਨ ਸਾਰੇ ਮੁਲਕਾਂ ਵਿਚ ਜਾਨੀ ਨੁਕਸਾਨ ਬਹੁਤ ਹੋਇਆ ਸੀ। ਹੁਣ ਇਸ ਤਰ੍ਹਾਂ ਦਾ ਇਕ ਹੋਰ ਵਾਈਰਸ ਚੀਨ ਵਿਚ ਫ਼ੈਲਿਆ ਹੋਇਆ ਹੈ ਜਿਸ ਕਾਰਨ ਚੀਨ ਦੇ ਹਸਪਤਾਲ ਖਚਾਖਚ ਭਰੇ ਹੋਏ ਹਨ। ਚੀਨ ਇਸ ਵਾਇਰਸ ਨਾਲ ਜੂਝ ਰਿਹਾ ਹੈ।
ਇਸ ਸਮੇਂ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਵੀਡੀਉਜ਼ ਜਾਰੀ ਹੋ ਰਹੇ ਹਨ। ਜਿਸ ਦੇਖਿਆ ਜਾ ਸਕਦਾ ਹੈ ਕਿ ਚੀਨ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਪਰ ਇਸ ਵਾਰ ਲੋਕ ਇਹ ਵੀਡੀਉਜ਼ ਦੇਖ ਕੇ ਡਰ ਨਹੀਂ ਰਹੇ ਹਨ। ਲੋਕਾਂ ਨੂੰ ਲੱਗ ਰਿਹਾ ਹੈ ਕਿ ਇਹ ਪੁਰਾਣੇ ਵੀਡੀਉਜ਼ ਹਨ। ਇਹ ਵਾਇਰਸ ਕਿੰਨਾ ਕੁ ਖ਼ਤਰਨਾਕ ਹੈ ਇਸ ’ਚ ਕੀ ਸਾਵਧਾਨੀਆਂ ਵਰਤਨੀਆਂ ਹਨ, ਇਸ ਬਾਰੇ ਗੱਲ ਕਰਨ ਰੋਜ਼ਾਨਾ ਸਪੋਸਕਮੈਨ ਦੀ ਟੀਮ ਡਾ. ਵਿਕਰਮ ਸਿੰਘ ਬੇਦੀ ਨਾਲ ਗੱਲਬਾਤ ਕਰਨ ਪਹੁੰਚੀ ਕਿ ਇਹ ਵਾਇਰਸ ਕਿੰਨਾ ਖ਼ਤਰਨਾਕ ਹੈ, ਇਹ ਵਾਈਰਸ ਹੈ ਵੀ ਹੈ ਜਾਂ ਨਹੀਂ।
ਇਸ ਬਾਰੇ ਦਸਦੇ ਹੋਏ ਡਾ. ਵਿਕਰਮ ਬੇਦੀ ਨੇ ਦਸਿਆ ਕਿ ਜੀ ਹਾਂ ਜੇ ਅਸੀਂ ਦਸੰਬਰ 2024 ਦਾ ਡਾਟਾ ਦੇਖੀਏ ਤਾਂ ਚੀਨ ਵਿਚ ਇਨਫ਼ੈਕਸ਼ਨ ਦੇ ਕੇਸ ਵਧੇ ਹਨ ਤੇ ਇਹ ਵੀ ਸੱਚ ਹੈ ਕਿ ਉੱਥੇ ਕਾਫ਼ੀ ਮਰੀਜ਼ ਹਸਪਤਾਲਾਂ ਵਿਚ ਭਰਤੀ ਹੋ ਰਹੇ ਹਨ ਤੇ ਕਾਫ਼ੀ ਸੀਰੀਅਸ ਵੀ ਹਨ। ਉਨ੍ਹਾਂ ਕਿਹਾ ਕਿ ਇਹ (ਐਚ.ਐਮ.ਪੀ.ਵੀ) ਵਾਇਰਸ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕੋਵਿਡ ਸਾਡੇ ਲਈ ਨਵੀਂ ਚੀਜ਼ ਸੀ, ਇਸੇ ਤਰ੍ਹਾਂ ਇਹ ਵਾਇਰਸ ਵੀ ਸਦੀਆਂ ਤੋਂ ਹੁੰਦਾ ਆ ਰਿਹਾ ਹੈ ਅਤੇ ਇਹ ਵਾਇਰਸ ਸੀਜ਼ਨ ’ਚ ਹੀ ਫ਼ੈਲਦਾ ਹੈ।
ਉਨ੍ਹਾਂ ਕਿਹਾ ਕਿ ਚੀਨ ਵਿਚ ਇਕ ਵਾਇਰਸ ਨਹੀਂ ਫ਼ੈਲ ਰਿਹਾ। ਉਨ੍ਹਾਂ ਕਿਹਾ ਕਿ ਜੇ ਅਸੀਂ ਗੱਲ ਕਰੀਏ ਤਾਂ ਐਚ.ਐਮ.ਪੀ.ਵੀ. ਵਾਈਰਸ ਸਿਰਫ਼ 6 ਫ਼ੀ ਸਦੀ ਹੈ ਤੇ ਹੋਰ ਕਈ ਵਾਇਰਸ ਚੀਨ ਵਿਚ ਫੈਲੇ ਹੋਏ ਹਨ। ਉਨ੍ਹਾਂ ਕਿਹਾ ਕਿ ਜੋ ਵੀ ਵਾਈਰਸ ਆਉਂਦਾ ਹੈ ਉਹ ਸਰਦੀਆਂ ਦੇ ਮੌਸਮ ਵਿਚ ਹੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਸਰਦੀ ਦਾ ਮੌਸਮ ਹੋਣ ਕਰ ਕੇ ਇਕ ਵਾਇਰਲ ਚੱਲ ਰਿਹਾ ਹੈ ਜਿਸ ਕਰ ਕੇ ਲੋਕਾਂ ਨੂੰ ਬੁਖ਼ਾਰ, ਜੁਕਾਮ, ਖਾਂਸੀ, ਸਰੀਰ ਦਰਦ ਕਰਨਾ ਆਦਿ ਦਿਕਤਾਂ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਚੁਕੱਨਾ ਰਹਿਣਾ ਚਾਹੀਦਾ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਡਾਕਟਰ ਦੀ ਸਲਾਹ ਲੈਣ ਤੇ ਘਰ ਵਿਚ ਰਹਿ ਕੇ ਆਪਣਾ ਇਲਾਜ ਕਰਨ, ਬੱਚਿਆਂ ਨੂੰ ਸਕੂਲ ਨਾ ਭੇਜਣ ਤਾਂ ਜੋ ਇਹ ਵਾਇਰਲ ਕਿਸੇ ਹੋਰ ਨੂੰ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਵਾਇਰਸ ਕੋਰੋਨਾ ਤੋਂ ਵਖਰਾ ਵਾਇਰਸ ਹੈ। ਉਨ੍ਹਾਂ ਕਿਹਾ ਕਿ ਦਿੱਕਤ ਕੋਈ ਵੀ ਹੋਵੇ ਉਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਹੈ ਤੇ ਸਮੇਂ ਸਿਰ ਆਪਣਾ ਇਲਾਜ ਕਰਵਾਉਂਣਾ ਚਾਹੀਦਾ ਹੈ।