US News: 40 ਹਜ਼ਾਰ ਅਮਰੀਕੀ ਸਰਕਾਰੀ ਕਰਮਚਾਰੀ ਰਿਟਾਇਰਮੈਂਟ ਪੈਕੇਜ ਨਾਲ ਅਸਤੀਫ਼ਾ ਦੇਣ ਲਈ ਤਿਆਰ: ਰਿਪੋਰਟ
US News: ਟਰੰਪ ਸਰਕਾਰ ਨੂੰ ਅਰਬਾਂ ਡਾਲਰ ਦੀ ਹੋਵੇਗੀ ਬਚਤ
10 ਫ਼ੀ ਸਦੀ ਅਮਰੀਕੀ ਅਧਿਕਾਰੀਆਂ ਇਸ ਪ੍ਰਸਤਾਵ ਨੂੰ ਕੀਤਾ ਸਵੀਕਾਰ
US News: ਅਮਰੀਕਾ ਦੇ ਘੱਟੋ-ਘੱਟ 40,000 ਸਰਕਾਰੀ ਕਰਮਚਾਰੀ ਅੱਠ ਮਹੀਨਿਆਂ ਦੇ ਰਿਟਾਇਰਮੈਂਟ ਪੈਕੇਜ ਨਾਲ ਅਸਤੀਫ਼ਾ ਦੇਣ ਲਈ ਸਹਿਮਤ ਹੋ ਗਏ ਹਨ। ਇਹ ਜਾਣਕਾਰੀ ਵੀਰਵਾਰ ਨੂੰ ਸੀਐਨਐਨ ਬ੍ਰਾਡਕਾਸਟਰ ਨੇ ਮਾਮਲੇ ਤੋਂ ਜਾਣੂ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦਿਤੀ। ਐਨਬੀਸੀ ਨਿਊਜ਼ ਬ੍ਰਾਡਕਾਸਟਰ ਨੇ ਜਨਵਰੀ ਦੇ ਆਖ਼ਰ ’ਚ ਦਸਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਅੱਠ ਮਹੀਨਿਆਂ ਰਿਟਾਇਰਮੈਂਟ ਪੈਕੇਜ ਦੀ ਪੇਸ਼ਕਸ਼ ਕੀਤੀ ਸੀ, ਜੋ ਸਵੈ-ਇੱਛਾ ਨਾਲ ਅਸਤੀਫ਼ਾ ਦੇਣ ਲਈ ਤਿਆਰ ਹਨ। ਦਸਿਆ ਜਾ ਰਿਹਾ ਹੈ ਕਿ 10 ਫ਼ੀ ਸਦੀ ਅਮਰੀਕੀ ਅਧਿਕਾਰੀਆਂ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ ਨਾਲ ਸਰਕਾਰ ਨੂੰ ਅਰਬਾਂ ਡਾਲਰ ਦੀ ਬਚਤ ਹੋਵੇਗੀ।
ਬ੍ਰਾਡਕਾਸਟਰ ਨੇ ਕਿਹਾ ਕਿ ਕੁੱਲ ਮਿਲਾ ਕੇ, ਅਮਰੀਕਾ ਵਿਚ ਲਗਭਗ 20 ਲੱਖ ਸਿਵਲ ਸੇਵਕਾਂ ਨੂੰ ਇਹ ਪੇਸ਼ਕਸ਼ ਮਿਲੀ ਹੈ। ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਪ੍ਰਸਾਰਕ ਨੂੰ ਦਸਿਆ, ‘‘ਸ਼ਰਤਾਂ ਤਹਿਤ ਅਸਤੀਫ਼ਾ ਦੇਣ ਦੇ ਇੱਛੁਕ ਲੋਕਾਂ ਦੀ ਗਿਣਤੀ ਵਧ ਰਹੀ ਹੈ, ਪਰ ਪਰਸੋਨਲ ਮੈਨੇਜਮੈਂਟ ਦਫ਼ਤਰ ਦੀ ਸਮਾਂ ਸੀਮਾ ਤੋਂ ਬਾਅਦ ਅਸਤੀਫ਼ੇ ਜਾਰੀ ਰੱਖਣ ਦੀ ਯੋਜਨਾ ਨਹੀਂ ਹੈ।’’ ਇਸ ਹਫ਼ਤੇ ਦੇ ਸ਼ੁਰੂ ਵਿਚ, ਮੀਡੀਆ ਨੇ ਰਿਪੋਰਟ ’ਚ ਦਸਿਆ ਕਿ 20,000 ਤੋਂ ਵੱਧ ਸਿਵਲ ਸੇਵਕਾਂ ਨੇ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ।