ਪਾਕਿਸਤਾਨ ਦੀ ਰਾਜਧਾਨੀ 'ਚ ਵੱਡਾ ਆਤਮਘਾਤੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ ਸਥਿਤ ਮਸਜਿਦ 'ਚ ਬੰਬ ਧਮਾਕੇ ਕਾਰਨ 31 ਮੌਤਾਂ

Major suicide attack in Pakistan's capital

ਇਸਲਾਮਾਬਾਦ: ਇਸਲਾਮਾਬਾਦ ਦੇ ਤਰਲਾਈ ਇਲਾਕੇ ਵਿਚ ਸ਼ੁਕਰਵਾਰ ਦੀ ਨਮਾਜ਼ ਦੌਰਾਨ ਖਦੀਜਤੁਲ ਕੁਬਰਾ ਮਸਜਿਦ-ਇਮਾਮਬਾੜਾ ’ਚ ਇਕ ਆਤਮਘਾਤੀ ਬੰਬ ਧਮਾਕਾ ਹੋਇਆ। ਪੁਲਿਸ ਦੇ ਬਿਆਨ ਮੁਤਾਬਕ, ਹਮਲਾਵਰ ਨੂੰ ਦਰਵਾਜ਼ੇ ’ਤੇ ਰੋਕਿਆ ਗਿਆ ਸੀ ਪਰ ਉਸ ਨੇ  ਖ਼ੁਦ ਨੂੰ ਉਡਾ ਲਿਆ। ਇਸ ਧਮਾਕੇ ਵਿਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 170 ਜ਼ਖਮੀ ਹੋਏ।

ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਦਸਿਆ  ਕਿ 169 ਲੋਕ ਜ਼ਖਮੀ ਹਨ। ਡਿਪਟੀ ਕਮਿਸ਼ਨਰ ਇਰਫਾਨ ਨਵਾਜ਼ ਮੈਮੂਨ ਨੇ ਪਹਿਲਾਂ ਕਿਹਾ ਸੀ ਕਿ 80 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ 15 ਲਾਸ਼ਾਂ ਵੱਖ-ਵੱਖ ਹਸਪਤਾਲਾਂ ’ਚ ਭੇਜੀਆਂ ਗਈਆਂ ਹਨ।

ਪੁਲਿਸ ਸਰੋਤਾਂ ਮੁਤਾਬਕ, ਹਮਲਾਵਰ ਵਿਦੇਸ਼ੀ ਨਾਗਰਿਕ ਸੀ ਅਤੇ ਉਸ ਦੇ ਸਬੰਧ ‘ਫਿਤਨਾ ਅਲ ਖਵਾਰਜੀ’ ਨਾਲ ਸਨ, ਜੋ ਕਿ ਤਹਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਹਾਲਾਂਕਿ, ਕਿਸੇ ਵੀ ਗਰੁੱਪ ਨੇ ਤੁਰਤ  ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਧਮਾਕੇ ਤੋਂ ਬਾਅਦ ਪੁਲਿਸ, ਬਚਾਅ ਵਿਭਾਗ ਅਤੇ ਫੌਜੀ ਦਸਤਿਆਂ ਦੇ 1122 ਮੁਲਾਜ਼ਮਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਰਾਜਧਾਨੀ ਦੇ ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਕਰ ਦਿਤੀ  ਗਈ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਏਵ ਪਾਕਿਸਤਾਨ ਦੇ ਦੌਰੇ ’ਤੇ ਸਨ।

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ, ‘‘ਬੇਗੁਨਾਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਇਨਸਾਨੀਅਤ ਵਿਰੁਧ  ਜੁਰਮ ਹੈ।’’ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਅਤੇ ਸੈਨੇਟ ਦੇ ਵਿਰੋਧੀ ਧਿਰ ਦੇ ਨੇਤਾ ਅੱਲਾਮਾ ਰਾਜਾ ਨਾਸਿਰ ਅੱਬਾਸ ਨੇ ਵੀ ਹਮਲੇ ਦੀ ਨਿੰਦਾ ਕੀਤੀ। ਅੱਬਾਸ ਨੇ ਕਿਹਾ, ‘‘ਇਬਾਦਤਗਾਹਾਂ ਨੂੰ ਨਿਸ਼ਾਨਾ ਬਣਾਉਣਾ ਇਨਸਾਨੀਅਤ, ਧਰਮ ਅਤੇ ਸਮਾਜਕ ਕਦਰਾਂ-ਕੀਮਤਾਂ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’

ਰਾਜ ਮੰਤਰੀ ਤਲਾਲ ਚੌਧਰੀ ਨੇ ਪੀ.ਆਈ.ਐਮ.ਐਸ. ਹਸਪਤਾਲ ਵਿਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਸੰਸਦੀ ਮਾਮਲਿਆਂ ਦੇ ਮੰਤਰੀ ਤਾਰੀਕ ਫ਼ਜ਼ਲ ਚੌਧਰੀ ਨੇ ‘ਐਕਸ’ ’ਤੇ ਲਿਖਿਆ ਕਿ ਇਹ ‘‘ਬੁਜ਼ਦਿਲਾਨਾ ਕਾਰਵਾਈ’’ ਹੈ। ਉਸ ਨੇ  ਕਿਹਾ, ‘‘ਅਜਿਹੇ ਦਹਿਸ਼ਤਗਰਦੀ ਦੇ ਹਮਲੇ ਕੌਮ ਦੇ ਹੋਸਲੇ ਨੂੰ ਕਮਜ਼ੋਰ ਨਹੀਂ ਕਰ ਸਕਦੇ। ਅੱਜ ਦੀ ਲੋੜ ਹੈ ਕਿ ਅਸੀਂ ਸੱਭ ਇਕੱਠੇ ਹੋ ਕੇ ਅਮਨ, ਬਰਦਾਸ਼ਤ ਅਤੇ ਸਥਿਰਤਾ ਲਈ ਖੜੇ ਹੋਈਏ।’’ ਇਸ ਹਮਲੇ ਨੇ ਪਾਕਿਸਤਾਨ ਵਿਚ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜੇ ਕਰ ਦਿਤੇ ਹਨ।