ਯੂਕਰੇਨ ਸੰਕਟ ਭਾਰਤ ਲਈ ਰੂਸ ਨਾਲ ਸਬੰਧ ਵਧਾਉਣ ਦਾ ਮੌਕਾ - ਰੂਸੀ ਰਾਜਦੂਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ -ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਰੂਸ ਨਾਲ ਆਪਣੇ ਆਰਥਿਕ ਸਹਿਯੋਗ 'ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ

Denis Alipov

ਨਵੀਂ ਦਿੱਲੀ : ਇੱਕ ਪਾਸੇ ਜਿਥੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚਲ ਰਹੀ ਹੈ ਉਥੇ ਹੀ ਭਾਰਤ ਵਿੱਚ ਰੂਸ ਦੇ ਰਾਜਦੂਤ ਡੇਨਿਸ ਅਲਿਪੋਵ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਯੂਕਰੇਨ ਵਿੱਚ ਮੌਜੂਦਾ ਸੰਕਟ ਦਾ ਅਸਰ ਭਾਰਤ-ਰੂਸ ਸਬੰਧਾਂ ਸਮੇਤ ਪੂਰੀ ਦੁਨੀਆ 'ਤੇ ਪਏਗਾ।

ਉਨ੍ਹਾਂ ਕਿਹਾ ਕਿ ਇਹ ਪ੍ਰਭਾਵ ਕਿੰਨਾ ਹੋਵੇਗਾ, ਇਸ ਦੀ ਅਜੇ ਕਲਪਨਾ ਨਹੀਂ ਕੀਤੀ ਜਾ ਸਕਦੀ। ਇੱਕ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਡੇਨਿਸ ਅਲਿਪੋਵ ਨੇ ਇਹ ਵੀ ਕਿਹਾ ਕਿ ਰੂਸ ਦੇ ਪੱਛਮੀ ਸਹਿਯੋਗੀ ਦੇਸ਼ਾਂ ਨੇ ਉਸਦਾ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਭਾਰਤ ਇਸ ਸਥਿਤੀ ਦਾ ਫਾਇਦਾ ਉਠਾ ਕੇ ਰੂਸ ਨਾਲ ਆਪਣੇ ਆਰਥਿਕ ਸਬੰਧ ਮਜ਼ਬੂਤ ​​ਕਰ ਸਕਦਾ ਹੈ। 

ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੇ ਭਾਰਤੀ ਕੰਪਨੀਆਂ ਨੂੰ ਰੂਸ ਵਿੱਚ ਵਿਸਤਾਰ ਕਰਨ ਦਾ ਮੌਕਾ ਦਿੱਤਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਰੂਸ ਨਾਲ ਆਪਣੇ ਆਰਥਿਕ ਸਹਿਯੋਗ 'ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਰੂਸ ਦੇ ਸਬੰਧਾਂ 'ਤੇ ਉਨ੍ਹਾਂ ਕਿਹਾ, "ਦੋਵਾਂ ਦੇਸ਼ਾਂ ਦੇ ਸਬੰਧ ਆਪਸੀ ਹਿੱਤਾਂ ਨਾਲ ਜੁੜੇ ਹੋਏ ਹਨ ਅਤੇ ਰਣਨੀਤਕ ਮਹੱਤਵ ਰੱਖਦੇ ਹਨ।" 

ਭਾਰਤ ਵਿੱਚ ਰੂਸ ਦੇ ਦੂਤਾਵਾਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਡੇਨਿਸ ਅਲਿਪੋਵ ਦਾ ਇਹ ਬਿਆਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਯੂਕਰੇਨ ਦੇ ਉੱਤਰ-ਪੂਰਬੀ ਇਲਾਕੇ ਵਿਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਦਾ ਹੈ। ਡੇਨਿਸ ਅਲਿਪੋਵ ਨੇ ਕਿਹਾ ਕਿ ਰੂਸ ਵਲੋਂ ਭਾਰਤੀ ਬੱਚਿਆਂ ਨੂੰ ਸੁਰੱਖਿਅਤ ਯੂਕਰੇਨ ਤੋਂ ਬਾਹਰ ਕੱਢਣ ਲਈ ਹਜ਼ਾਰਾਂ ਬੱਸਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਜੋ ਉਨ੍ਹਾਂ ਵਿਦਿਆਰਥੀਆਂ ਦਾ ਇੰਤਜ਼ਾਰ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਜਾ ਸਕੇ।