ਯੂਕਰੇਨ ਯੁੱਧ ਤੋਂ ਉਤਸ਼ਾਹਿਤ ਹੋ ਕੇ ਚੀਨ ਭਾਰਤ 'ਤੇ ਹਮਲਾ ਕਰ ਸਕਦਾ ਹੈ, US ਦੇ ਸਾਬਕਾ ਰੱਖਿਆ ਮੰਤਰੀ ਦਾ ਦਾਅਵਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਰੂਸ ਦੇ ਖਿਲਾਫ਼ ਯੂਕਰੇਨ ਦੀ ਮਦਦ ਕਰਨਾ ਜਾਰੀ ਰੱਖੇਗਾ

Former US Defence Secretary Jim Mattis

ਵਸ਼ਿੰਗਟਨ - ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜਿਮ ਮੈਟਿਸ ਦਾ ਮੰਨਣਾ ਹੈ ਕਿ ਯੂਕਰੇਨ ਯੁੱਧ ਤੋਂ ਉਤਸ਼ਾਹਿਤ ਹੋ ਕੇ ਚੀਨ ਭਾਰਤ 'ਤੇ ਵੀ ਹਮਲਾ ਕਰ ਸਕਦਾ ਹੈ। ਮੈਟਿਸ ਨੇ ਕਿਹਾ ਕਿ ਚੀਨ ਯੂਕਰੇਨ ਯੁੱਧ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਜੇਕਰ ਰੂਸ, ਯੂਕਰੇਨ 'ਚ ਸਫ਼ਲ ਹੁੰਦਾ ਹੈ ਤਾਂ ਚੀਨ ਵੀ LAC 'ਤੇ ਭਾਰਤ 'ਤੇ ਹਮਲਾ ਕਰਨ ਲਈ ਉਤਸ਼ਾਹਿਤ ਹੋ ਸਕਦਾ ਹੈ। ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜਿਮ ਮੈਟਿਸ ਨੇ ਰਾਏਸੀਨਾ ਡਾਇਲਾਗ ਦੇ ਅੱਠਵੇਂ ਐਡੀਸ਼ਨ 'ਚ ਇਕ ਪ੍ਰੋਗਰਾਮ ਦੌਰਾਨ ਬੋਲਦਿਆਂ ਇਹ ਦਾਅਵਾ ਕੀਤਾ। 

ਦਰਅਸਲ ਜਿਮ ਮੈਟਿਸ ਤੋਂ ਪੁੱਛਿਆ ਗਿਆ ਸੀ ਕਿ ਕੀ ਅਮਰੀਕਾ ਚੀਨ ਦਾ ਸਾਹਮਣਾ ਕਰਨ ਲਈ ਤਿਆਰ ਹੈ? ਇਸ ਦੇ ਜਵਾਬ ਵਿਚ ਮੈਟਿਸ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਤਿਆਰ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਰੂਸ ਦੇ ਖਿਲਾਫ਼ ਯੂਕਰੇਨ ਦੀ ਮਦਦ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਚੀਨ ਇਸ ਗੱਲ 'ਤੇ ਨਜ਼ਰ ਰੱਖ ਰਿਹਾ ਹੈ ਕਿ ਜੇਕਰ ਰੂਸ ਨੂੰ ਯੂਕਰੇਨ 'ਚ ਸਫ਼ਲਤਾ ਮਿਲਦੀ ਹੈ ਤਾਂ ਚੀਨ ਭਾਰਤ ਖਿਲਾਫ਼ ਅਜਿਹਾ ਕਿਉਂ ਨਹੀਂ ਕਰ ਸਕਦਾ। ਮੈਟਿਸ ਨੇ ਇਹ ਵੀ ਕਿਹਾ ਕਿ ਰੂਸ ਨੇ ਯੂਕਰੇਨ ਖਿਲਾਫ਼ ਤਿੰਨ ਹਫ਼ਤਿਆਂ 'ਚ ਜਿੱਤ ਹਾਸਲ ਕਰ ਲਈ ਸੀ ਪਰ ਪੱਛਮੀ ਦੇਸ਼ਾਂ ਦੀ ਮਦਦ ਨਾਲ ਯੂਕਰੇਨ ਨੇ ਰੂਸ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ ਹੈ। 

ਪਰਮਾਣੂ ਹਥਿਆਰਾਂ ਦੀ ਵਰਤੋਂ 'ਤੇ ਜਿਮ ਮੈਟਿਸ ਨੇ ਕਿਹਾ ਕਿ ਅਸੀਂ ਦੇਖਿਆ ਕਿ ਪੁਤਿਨ ਨੇ ਪਿਛਲੇ ਸਮੇਂ 'ਚ ਇਸ ਬਾਰੇ ਬਿਆਨ ਦਿੱਤਾ ਸੀ ਪਰ ਸਾਨੂੰ ਪ੍ਰਮਾਣੂ ਹਥਿਆਰਾਂ ਨੂੰ ਕੰਟਰੋਲ ਕਰਨ ਵਾਲੀ ਸੰਧੀ 'ਤੇ ਦੁਬਾਰਾ ਗੱਲ ਕਰਨੀ ਚਾਹੀਦੀ ਹੈ। ਪ੍ਰੋਗਰਾਮ ਦੌਰਾਨ ਭਾਰਤੀ ਫੌਜ ਦੇ ਸੀਡੀਐਸ ਜਨਰਲ ਅਨਿਲ ਚੌਹਾਨ ਅਤੇ ਆਸਟ੍ਰੇਲੀਅਨ ਫੌਜ ਦੇ ਜਨਰਲ ਐਂਗਸ ਜੇ ਕੈਂਪਬੈਲ ਵੀ ਮੌਜੂਦ ਸਨ। 

ਜਿਮ ਮੈਟਿਸ ਨੇ ਇਹ ਵੀ ਕਿਹਾ ਕਿ ਇੱਕ ਮਜ਼ਬੂਤ ​ਭਾਰਤ ਹੀ ਵਿਸ਼ਵ ਵਿਚ ਸ਼ਾਂਤੀ ਲਿਆ ਸਕਦਾ ਹੈ। ਆਸਟ੍ਰੇਲੀਅਨ ਜਨਰਲ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਗੈਰ-ਕਾਨੂੰਨੀ ਹੈ ਅਤੇ ਕਿਸੇ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ। ਪ੍ਰੋਗਰਾਮ ਦੌਰਾਨ ਭਾਰਤੀ ਸੈਨਾ ਦੇ ਸੀਡੀਐਸ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਜੰਗ ਤੋਂ ਬਹੁਤ ਸਾਰੇ ਸਬਕ ਸਿੱਖੇ ਜਾਂਦੇ ਹਨ, ਸਾਰੇ ਪੂਰੀ ਦੁਨੀਆ 'ਤੇ ਲਾਗੂ ਨਹੀਂ ਹੁੰਦੇ ਪਰ ਸਾਨੂੰ ਇਹ ਦੇਖਣਾ ਹੋਵੇਗਾ ਕਿ ਭਾਰਤੀ ਸੰਦਰਭ 'ਚ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਇਸ ਲੜਾਈ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਸਾਨੂੰ ਆਤਮ ਨਿਰਭਰ ਹੋਣਾ ਪਵੇਗਾ। ਭਵਿੱਖ ਦੀਆਂ ਲੜਾਈਆਂ ਛੋਟੀਆਂ ਹੋਣਗੀਆਂ।