ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹਟਣ ਦਾ ਫੈਸਲਾ ਕੀਤਾ
ਟਰੰਪ ਹੋਣਗੇ ਰਿਪਬਲਿਕਨ ਉਮੀਦਵਾਰ
ਨਵੀਂ ਦਿੱਲੀ: ਦਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਬੁਧਵਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਛੱਡ ਦੇਵੇਗੀ। ਉਨ੍ਹਾਂ ਨੇ ਇਹ ਫੈਸਲਾ ‘ਸੂਪਰ ਟਿਊਜ਼ਡੇ’ ਨੂੰ ਕਈ ਸੂਬਿਆਂ ’ਚ ਪਾਰਟੀ ਪ੍ਰਾਇਮਰੀ ’ਚ ਹਾਰ ਤੋਂ ਬਾਅਦ ਕੀਤਾ ਹੈ। ਹੇਲੀ ਦੇ ਫੈਸਲੇ ਤੋਂ ਜਾਣੂ ਲੋਕਾਂ ਨੇ ਇਹ ਜਾਣਕਾਰੀ ਦਿਤੀ। ਭਾਰਤੀ ਮੂਲ ਦੀ ਹੇਲੀ ਦੇ ਇਸ ਫੈਸਲੇ ਨਾਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ’ਚ ਇਕਲੌਤੇ ਮੋਹਰੀ ਉਮੀਦਵਾਰ ਹੋਣਗੇ।
ਹੇਲੀ ਦੇ ਫੈਸਲੇ ਤੋਂ ਜਾਣੂ ਤਿੰਨ ਲੋਕਾਂ ਨੇ ਬੁਧਵਾਰ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹੇਲੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟ ਜਾਵੇਗੀ।
ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਰਾਜਦੂਤ ਹੇਲੀ ਫ਼ਰਵਰੀ 2023 ’ਚ ਰਾਸ਼ਟਰਪਤੀ ਅਹੁਦੇ ਲਈ ਅਪਣੀ ਦਾਅਵੇਦਾਰੀ ਦਾ ਐਲਾਨ ਕਰਦੇ ਹੋਏ ਟਰੰਪ ਦੀ ਪਹਿਲੀ ਮਜ਼ਬੂਤ ਵਿਰੋਧੀ ਦੇ ਰੂਪ ’ਚ ਉਭਰੀ ਸੀ।
ਬਾਈਡਨ ਅਤੇ ਟਰੰਪ ਵਿਚਕਾਰ ਇਕ ਹੋਰ ਟਕਰਾਅ ਦਾ ਰਾਹ ਪੱਧਰਾ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਡੋਨਾਲਡ ਟਰੰਪ ਨੇ ਦੇਸ਼ ਭਰ ਦੇ 15 ਸੂਬਿਆਂ ’ਚ ਆਪੋ-ਅਪਣੀਆਂ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਜਿੱਤੀਆਂ ਹਨ, ਜਿਸ ਨਾਲ ਇਸ ਸਾਲ ਨਵੰਬਰ ’ਚ ਦੋਹਾਂ ਨੇਤਾਵਾਂ ਵਿਚਾਲੇ ਇਕ ਹੋਰ ਟਕਰਾਅ ਦਾ ਰਾਹ ਪੱਧਰਾ ਹੋ ਗਿਆ ਹੈ।
ਡੈਮੋਕ੍ਰੇਟਿਕ ਪਾਰਟੀ ਤੋਂ ਬਾਈਡਨ ਅਤੇ ਰਿਪਬਲਿਕਨ ਪਾਰਟੀ ਤੋਂ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ‘ਸੁਪਰ ਟਿਊਜ਼ਡੇ’ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਟਰੰਪ (77) ਨੂੰ ਡੈਲੀਗੇਟਾਂ ਦੀ ਗਿਣਤੀ ਵਿਚ ਮਹੱਤਵਪੂਰਣ ਲਾਭ ਹੋਣ ਦੀ ਉਮੀਦ ਹੈ। ਦੁਬਾਰਾ ਚੋਣ ਲੜ ਰਹੇ 81 ਸਾਲ ਦੇ ਬਾਈਡਨ ਲਗਭਗ ਸਾਰੇ ਡੈਮੋਕ੍ਰੇਟਿਕ ਪ੍ਰਾਇਮਰੀ ਸੂਬਿਆਂ ’ਚ ਜਿੱਤ ਹਾਸਲ ਕਰਨ ’ਚ ਸਫਲ ਰਹੇ। ਉਹ ਸਿਰਫ਼ ਅਮਰੀਕੀ ਸਮੋਆ ’ਚ ਜੇਸਨ ਪਾਮਰ ਤੋਂ ਹਾਰ ਗਏ ਸਨ। ਸੀ.ਐਨ.ਐਨ. ਅਨੁਸਾਰ, ਜੋ ਬਾਈਡਨ ਨੂੰ ਪ੍ਰਾਇਮਰੀ ਚੋਣਾਂ ’ਚ ਕਿਸੇ ਮੁਸ਼ਕਲ ਚੁਨੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਹੁਣ ਤਕ ਸਾਰੀਆਂ ਡੈਮੋਕ੍ਰੇਟ ਪ੍ਰਾਇਮਰੀ ਚੋਣਾਂ ਜਿੱਤੀਆਂ ਹਨ। ਸੀ.ਐਨ.ਐਨ. ਨੂੰ ਉਮੀਦ ਹੈ ਕਿ ਬਾਈਡਨ ਅਤੇ ਟਰੰਪ ਨਵੰਬਰ ’ਚ ਦੁਬਾਰਾ ਆਹਮੋ-ਸਾਹਮਣੇ ਹੋਣਗੇ।
ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ (52) ਵਰਮੋਂਟ ’ਚ ਭਾਰੀ ਸਮਰਥਨ ਦੇ ਬਾਵਜੂਦ ਅਪਣੀ ਛਾਪ ਛੱਡਣ ’ਚ ਅਸਫਲ ਰਹੀ। ਹੇਲੀ ਨੇ ਵਰਮੋਂਟ ਪ੍ਰਾਇਮਰੀ ਜਿੱਤੀ। ਹਾਲਾਂਕਿ ਹੇਲੀ ਦੀ ਜਿੱਤ ਦਾ ਟਰੰਪ ’ਤੇ ਕੋਈ ਅਸਰ ਨਹੀਂ ਪਵੇਗਾ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਜਿੱਤਣ ਲਈ ਦੋਹਾਂ ਉਮੀਦਵਾਰਾਂ ਨੂੰ 1,215 ਡੈਲੀਗੇਟਾਂ ਦੀ ਲੋੜ ਹੈ, ਜੋ ਪ੍ਰਾਇਮਰੀ ਚੋਣਾਂ ਦੌਰਾਨ ਚੁਣੇ ਗਏ ਸਨ। ਸੁਪਰ ਮੰਗਲਵਾਰ ਤੋਂ ਪਹਿਲਾਂ ਟਰੰਪ ਕੋਲ 244 ਅਤੇ ਹੇਲੀ ਕੋਲ ਸਿਰਫ 43 ਡੈਲੀਗੇਟ ਸਨ।