ਭਾਰਤੀ ਮੂਲ ਦੀ ਔਰਤ ਨੇ ਕੈਂਸਰ ਦੇ ਨਾਮ 'ਤੇ ਇਕੱਠੇ ਕੀਤੇ 1.13 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਤੀ ਮੂਲ ਦੀ ਇਕ ਦੱਖਣ ਅਫ਼ਰੀਕੀ ਔਰਤ 'ਤੇ ਚੋਰੀ ਲੁਕਾਉਣ ਲਈ ਕੈਂਸਰ ਦਾ ਨਾਟਕ ਕਰ ਕੇ ਕਰੀਬ ਇਕ ਕਰੋੜ 13 ਲੱਖ ਰੁਪਏ ਦਾ...

Indian origin woman accused cancer faking scam

ਜੋਹਾਨਸਬਰ : ਭਾਰਤੀ ਮੂਲ ਦੀ ਇਕ ਦੱਖਣ ਅਫ਼ਰੀਕੀ ਔਰਤ 'ਤੇ ਚੋਰੀ ਲੁਕਾਉਣ ਲਈ ਕੈਂਸਰ ਦਾ ਨਾਟਕ ਕਰ ਕੇ ਕਰੀਬ ਇਕ ਕਰੋੜ 13 ਲੱਖ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਿੰਦਰਾ ਜੈਕਰਨ ਛੋਟੇ ਲਾਲ ਮੂਡਲੇ ਨੇ ਹਮਦਰਦੀ ਲੈਣ ਲਈ ਅਪਣੇ ਵਾਲ ਕਟਵਾ ਦਿਤੇ ਅਤੇ ਅੱਖਾਂ ਦੇ ਭਰਵੱਟੇ ਅਤੇ ਪਲਕਾਂ ਵੀ ਸਾਫ਼ ਕਰਵਾ ਦਿਤੀਆਂ। ਉਸ ਨੇ ਅਪਣੇ ਸਕੂਲ ਨੂੰ ਫ਼ਰਜ਼ੀ ਦਸਤਾਵੇਜ਼ ਦੇ ਕੇ 20 ਲੱਖ ਤੋਂ ਜ਼ਿਆਦਾ ਰੈਂਡ ਚੋਰੀ ਕੀਤੇ।

ਉਸ ਨੇ ਫ਼ਰਜ਼ੀ ਕੰਪਨੀ ਬਣਾ ਕੇ ਉਨ੍ਹਾਂ ਸੇਵਾਵਾਂ ਲਈ ਕੰਪਨੀ ਨੂੰ ਬਿਲ ਫੜਾਏ ਜੋ ਦਿਤੀਆਂ ਹੀ ਨਹੀਂ ਗਈਆਂ ਸਨ। ਫੜੀ ਜਾਣ 'ਤੇ ਉਸ ਨੇ ਸਾਰਾ ਠੀਕਰਾ ਅਪਣੇ ਬੇਟੇ ਦੇ ਸਿਰ 'ਤੇ ਭੰਨਣਾ ਚਾਹਿਆ। ਉਸ ਨੂੰ ਡਰਬਨ ਦੀ ਇਕ ਅਦਾਲਤ ਨੇ ਧੋਖੇਬਾਜ਼ੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਹੈ। ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ। 

ਮੂਡਲੇ ਨੇ ਸਵੀਕਾਰ ਕੀਤਾ ਕਿ ਉਸ ਨੇ ਸਕੂਲ ਨੂੰ ਝੂਠ ਬੋਲਿਆ ਸੀ ਕਿ ਉਸ ਨੂੰ ਕੈਂਸਰ ਹੈ ਅਤੇ ਉਹ ਚਾਰ ਮਹੀਨੇ ਹੀ ਜ਼ਿੰਦਾ ਰਹਿ ਸਕੇਗੀ। ਸਕੂਲ ਸਟਾਫ਼, ਵਿਦਿਆਰਥੀ, ਮਾਪੇ ਅਤੇ ਵੱਖ-ਵੱਖ ਕਾਰੋਬਾਰੀਆਂ ਨੇ ਉਸ ਦੇ ਦਾਅਵਿਆਂ ਦੇ ਭਰੋਸਾ ਕਰ ਕੇ ਆਰਥਿਕ ਮਦਦ ਦੇਣ ਲਈ ਮੁਹਿੰਮ ਵੀ ਸ਼ੁਰੂ ਕਰ ਦਿਤੀ ਸੀ।

ਦਖਣੀ ਅਫ਼ਰੀਕਾ ਕੈਂਸਰ ਐਸੋਸੀਏਸ਼ਨ ਨੇ ਉਸ ਦੀ ਇਸ ਹਰਕਤ ਦੀ ਸਖ਼ਤ ਨਿੰਦਾ ਕੀਤੀ ਹੈ। ਸੰਸਥਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਸੱਚਮੁੱਚ ਮਦਦ ਦੀ ਲੋੜ ਹੈ, ਉਨ੍ਹਾਂ ਦੀ ਅਪੀਲ ਕੋਈ ਨਹੀਂ ਸੁਣੇਗਾ।