ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨਗੇ ਨਵਾਜ਼ ਸ਼ਰੀਫ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਅਜਿਹੀ ਰਣਨੀਤੀ ਦੀ ਤਿਆਰੀ ਕਰ ਰਹੇ ਹਨ ਜਿਸ ਨਾਲ ਵਿਰੋਧੀ ਧਿਰ..
ਇਸਲਾਮਾਬਾਦ, 14 ਜੁਲਾਈ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਅਜਿਹੀ ਰਣਨੀਤੀ ਦੀ ਤਿਆਰੀ ਕਰ ਰਹੇ ਹਨ ਜਿਸ ਨਾਲ ਵਿਰੋਧੀ ਧਿਰ ਵਲੋਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਦਾ ਜਵਾਬ ਦਿਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਪਨਾਮਾ ਮਾਮਲੇ ਦੀ ਜਾਂਚ ਪੈਨਲ ਦੀ ਰੀਪੋਰਟ ਵਿਚ ਸ਼ਰੀਫ਼ 'ਤੇ ਧਨ ਸ਼ੋਧਨ ਦੇ ਦੋਸ਼ ਲੱਗੇ ਹਨ ਜਿਸ ਤੋਂ ਬਾਅਦ ਵਿਰੋਧੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। 6 ਸੰਸਦੀ ਸੰਯੁਕਤ ਜਾਂਚ ਦਲ (ਜੇ. ਆਈ. ਟੀ.) ਨੇ ਸ਼ਰੀਫ਼ ਪਰਵਾਰ ਦੀ ਵਿਦੇਸ਼ਾਂ ਵਿਚ ਜਾਇਦਾਦ ਅਤੇ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਸਬੰਧੀ ਅਪਣੀ 10 ਖੇਤਰਾਂ ਵਾਲੀ ਰੀਪੋਰਟ 10 ਜੁਲਾਈ ਨੂੰ ਚੋਟੀ ਦੀ ਅਦਾਲਤ ਨੂੰ ਸੌਂਪੀ ਸੀ। ਉਸ ਨੇ ਸਿਫ਼ਾਰਸ਼ ਕੀਤੀ ਕਿ ਸ਼ਰੀਫ਼ ਅਤੇ ਉਨ੍ਹਾਂ ਦੇ ਪੁੱਤਰ ਹਸਨ ਨਵਾਜ਼ ਤੇ ਹੁਸੈਨ ਨਵਾਜ਼ ਦੇ ਨਾਲ-ਨਾਲ ਉਨ੍ਹਾਂ ਦੀ ਧੀ ਮਰੀਅਮ ਵਿਰੁਧ ਭ੍ਰਿਸ਼ਟਾਚਾਰ ਦਾ ਇਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲਐਨ) ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਵਿਚ ਨਵਾਜ਼ ਸ਼ਰੀਫ਼ ਦੇਸ਼ ਵਿਚ ਜਾਰੀ ਰਾਜਨੀਤਕ ਹਾਲਾਤ ਦਾ ਜਾਇਜ਼ਾ ਲੈਣਗੇ। ਪੀ. ਐਮ. ਐਲ. ਐਨ. ਦੇ ਨੇੜਲੇ ਸੂਤਰਾਂ ਨੇ ਦਸਿਆ ਕਿ ਇਹ ਮੀਟਿੰਗ ਪਾਰਟੀ ਦੇ ਕੁੱਝ ਅਸੰਤੁਸ਼ਟ ਮੈਂਬਰਾਂ ਦੀ ਹਮਾਇਤ ਜੁਟਾਉਣ ਦੇ ਲਿਹਾਜ਼ ਨਾਲ ਅਹਿਮ ਹੋਵੇਗੀ, ਜਿਨ੍ਹਾਂ ਦੀ ਹਮਾਇਤ ਸ਼ਰੀਫ਼ ਲਈ ਕਾਫ਼ੀ ਮਹੱਤਵਪੂਰਨ ਹੈ। ਸ਼ਰੀਫ ਵਿਰੁਧ ਲੱਗੇ ਧਨ ਸ਼ੋਧਨ ਦੇ ਦੋਸ਼ਾਂ 'ਤੇ ਜੇ. ਆਈ. ਟੀ. ਦੀ ਰੀਪੋਰਟ ਵਿਚ ਕਿਹਾ ਕਿ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੱਚਿਆਂ ਦੀ ਜੀਵਨਸ਼ੈਲੀ ਆਮਦਨ ਦੇ ਸਰੋਤਾਂ ਤੋਂ ਕਿਤੇ ਅੱਗੇ ਦੀ ਹੈ। ਇਸ ਰੀਪੋਰਟ ਤੋਂ ਬਾਅਦ ਵਿਰੋਧੀ ਪਾਰਟੀ ਨਵਾਜ਼ ਸ਼ਰੀਫ਼ ਦਾ ਅਸਤੀਫ਼ਾ ਮੰਗ ਰਹੀ ਹੈ।
ਭ੍ਰਿਸ਼ਟਾਚਾਰ ਦਾ ਇਹ ਹਾਈ ਪ੍ਰੋਫ਼ਾਈਲ ਮਾਮਲਾ ਸਾਲ 1990 ਦੇ ਸਮੇਂ ਲੰਡਨ ਵਿਚ ਜਾਇਦਾਦ ਖ਼ਰੀਦਣ ਲਈ ਕਥਿਤ ਧਨ ਸ਼ੋਧਨ ਦਾ ਹੈ, ਜਦੋਂ ਉਹ ਦੋ ਵਾਰ ਪ੍ਰਧਾਨ ਮੰਤਰੀ ਰਹੇ ਸਨ, ਇਨ੍ਹਾਂ ਜਾਇਦਾਦਾਂ ਦੀ ਜਾਣਕਾਰੀ ਜਨਤਕ ਉਦੋਂ ਹੋਈ ਜਦੋਂ ਪਿਛਲੇ ਸਾਲ ਪਨਾਮਾ ਪੇਪਰ ਸਾਹਮਣੇ ਆਏ। ਜਿਨ੍ਹਾਂ ਵਿਚ ਪਤਾ ਲੱਗਾ ਕਿ ਇਨ੍ਹਾਂ ਦੀ ਮੈਨੇਜਮੈਂਟ ਸ਼ਰੀਫ਼ ਦੇ ਬੱਚਿਆਂ ਦੀ ਮਾਲਕੀਅਤ ਵਾਲੀ ਵਿਦੇਸ਼ਾਂ ਵਿਚ ਸਥਿਤ ਕੰਪਨੀਆਂ ਕਰਦੀਆਂ ਹਨ। (ਪੀ.ਟੀ.ਆਈ)