ਪਾਕਿ ਚੀਫ਼ ਜਸਟਿਸ ਬੋਲੇ, ਪਾਕਿਸਤਾਨ 'ਚ ਫ਼ੌਜੀ ਸ਼ਾਸਨ ਨਹੀਂ ਲੱਗਣ ਦੇਵਾਂਗਾ
ਪਾਕਿਸਤਾਨ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਦੇਸ਼ ਵਿਚ 'ਫ਼ੌਜੀ ਸ਼ਾਸਨ' ਲਗਾਏ ਜਾਣ ਦੀ ਸ਼ੰਕਾ ਅਤੇ ਅਫ਼ਵਾਹਾ ਨੂੰ ਖਾਰਜ...
ਇਸਲਾਮਾਬਾਦ : ਪਾਕਿਸਤਾਨ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਿਸਾਰ ਨੇ ਦੇਸ਼ ਵਿਚ 'ਫ਼ੌਜੀ ਸ਼ਾਸਨ' ਲਗਾਏ ਜਾਣ ਦੀ ਸ਼ੰਕਾ ਅਤੇ ਅਫ਼ਵਾਹਾ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਅਸਤੀਫ਼ਾ ਦੇ ਦੇਣਗੇ ਪਰ ਅਜਿਹੇ ਕਿਸੇ ਵੀ ਕਦਮ ਦਾ ਕਦੇ ਵੀ ਸਮਰਥਨ ਨਹੀਂ ਕਰਨਗੇ। ਜਸਟਿਸ ਨਿਸਾਰ ਨੇ ਭਰੋਸਾ ਦਿਤਾ ਕਿ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਪਾਕਿਸਤਾਨ ਦੀ ਅਵਾਮ ਨੂੰ ਆਖਿਆ ਕਿ ਉਹ ਉਨ੍ਹਾਂ 'ਤੇ ਭਰੋਸਾ ਕਰਨ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਇਮਾਰਤ ਵਿਚ ਇਕ ਆਡੀਟੋਰੀਅਮ ਦਾ ਨਾਮ ਬਦਲ ਕੇ ਮਰਹੂਮ ਮਨੁੱਖੀ ਅਧਿਕਾਰ ਕਾਰਜਕਰਤਾ ਆਸਮਾਂ ਜਹਾਂਗੀਰ ਦੇ ਨਾਮ 'ਤੇ ਰੱਖਣ ਮੌਕੇ ਕਰਵਾਏ ਇਕ ਸਮਾਗਮ ਵਿਚ ਨਿਸਾਰ ਨੇ ਕਿਹਾ ਕਿ ਸੰਵਿਧਾਨ ਵਿਚ ਕਿਸੇ ਵੀ ਤਰ੍ਹਾਂ ਦੇ ਫ਼ੌਜੀ ਸ਼ਾਸਨ ਲਈ ਕੋਈ ਥਾਂ ਨਹੀਂ ਹੈ।
ਉਨ੍ਹਾਂ ਆਖਿਆ ਕਿ ਜੇਕਰ ਮੈਂ ਇਸ ਨੂੰ ਰੋਕ ਨਹੀਂ ਪਾਵਾਂਗਾ ਤਾਂ ਘਰ ਪਰਤ ਜਾਵਾਂਗਾ ਪਰ ਇਸ ਦਾ ਕਦੇ ਸਮਰਥਨ ਨਹੀਂ ਕਰਾਂਗਾ। ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ ਫ਼ੌਜੀ ਸ਼ਾਸਨ ਦੇ ਕੁਚੱਕਰ ਵਿਚ ਫਸ ਗਿਆ ਹੈ।
ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਆਮ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਨੂੰ ਸਵੀਕਾਰ ਨਹੀਂ ਕਰੇਗੀ। ਪਾਕਿਸਤਾਨ ਵਿਚ ਆਮ ਚੋਣਾਂ ਜੁਲਾਈ ਮਹੀਨੇ ਹੋਣੀਆਂ ਹਨ।