Mark Zuckerberg ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ, Elon Musk ਨੂੰ ਛੱਡਿਆ ਪਿੱਛੇ

ਏਜੰਸੀ

ਖ਼ਬਰਾਂ, ਕੌਮਾਂਤਰੀ

Mark Zuckerberg ਦੀ ਜਾਇਦਾਦ 'ਚ ਰਿਕਾਰਡ ਵਾਧਾ ,ਇੰਨੀ ਹੈ ਜਾਇਦਾਦ

file image

Mark Zuckerberg Net Worth : ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਾਲਕ ਮਾਰਕ ਜ਼ੁਕਰਬਰਗ (Mark Zuckerberg) ਦੀ ਜਾਇਦਾਦ 'ਚ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਮਾਰਕ ਜ਼ੁਕਰਬਰਗ , ਐਲੋਨ ਮਸਕ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਮਾਰਕ ਜ਼ੁਕਰਬਰਗ ,ਐਲੋਨ ਮਸਕ ਤੋਂ ਅੱਗੇ ਨਿਕਲ ਗਏ ਹਨ। ਮਾਰਕ ਜ਼ੁਕਰਬਰਗ ਨੇ ਸ਼ੁੱਕਰਵਾਰ ਨੂੰ ਇਹ ਸਫਲਤਾ ਹਾਸਲ ਕੀਤੀ।

 

ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਮਾਰਕ ਜ਼ੁਕਰਬਰਗ ਦੀ ਜਾਇਦਾਦ (Mark Zuckerberg Net Worth) ਸ਼ੁੱਕਰਵਾਰ ਨੂੰ 5.65 ਅਰਬ  ਡਾਲਰ ਤੋਂ ਵੱਧ ਕੇ 187 ਅਰਬ ਡਾਲਰ ਤੱਕ ਪਹੁੰਚ ਗਈ। ਮਾਰਕ ਜ਼ੁਕਰਬਰਗ ਦੀ ਜਾਇਦਾਦ ਇਸ ਸਾਲ 58.9 ਅਰਬ ਡਾਲਰ ਵਧੀ ਹੈ। ਸ਼ੁੱਕਰਵਾਰ ਨੂੰ ਉਸ ਦੀ ਦੌਲਤ ਵਿੱਚ ਇਹ ਵਾਧਾ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਸ਼ੇਅਰਾਂ ਵਿੱਚ ਭਾਰੀ ਵਾਧੇ ਕਾਰਨ ਹੋਇਆ ਹੈ।

 

ਐਲੋਨ ਮਸਕ ਨੂੰ ਹੋਇਆ ਕਾਫ਼ੀ ਨੁਕਸਾਨ 


ਸ਼ੁੱਕਰਵਾਰ ਨੂੰ ਮੈਟਾ ਦੇ ਸ਼ੇਅਰ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਏ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਜ਼ੁਕਰਬਰਗ ਦੀ ਕੁੱਲ ਜਾਇਦਾਦ 187 ਬਿਲੀਅਨ ਡਾਲਰ ਹੋ ਚੁੱਕੀ ਹੈ , ਜਦੋਂਕਿ ਐਲੋਨ ਮਸਕ ਦੀ ਕੁੱਲ ਜਾਇਦਾਦ  (Elon Musk Net Worth) 181 ਅਰਬ ਡਾਲਰ ਤੱਕ ਪਹੁੰਚ ਗਈ ਹੈ ਅਤੇ ਉਹ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ। ਐਲੋਨ ਮਸਕ ਨੂੰ ਇਸ ਸਾਲ 48.4 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਜਦੋਂਕਿ ਇਕੱਲੇ ਸ਼ੁੱਕਰਵਾਰ ਨੂੰ ਹੀ ਉਸ ਦੀ ਸੰਪਤੀ ਵਿੱਚ 4.52 ਅਰਬ ਡਾਲਰ ਦੀ ਗਿਰਾਵਟ ਆਈ ਹੈ।

 

 ਚਾਰ ਸਾਲ ਬਾਅਦ ਪਹਿਲੀ ਵਾਰ ਐਲੋਨ ਮਸਕ ਤੋਂ ਅੱਗੇ ਮਾਰਕ ਜ਼ੁਕਰਬਰਗ 


ਜ਼ਿਕਰਯੋਗ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਮਾਰਚ ਤੱਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸਿਖਰ 'ਤੇ ਸਨ ਪਰ ਹੁਣ ਉਹ ਚੌਥੇ ਸਥਾਨ 'ਤੇ ਖਿਸਕ ਗਏ ਹਨ। ਐਲੋਨ ਮਸਕ ਇਸ ਸਾਲ ਸਭ ਤੋਂ ਵੱਧ ਦੌਲਤ ਗੁਆਉਣ ਵਾਲੇ ਸ਼ਖਸ ਹਨ, ਜਦਕਿ ਮਾਰਕ ਜ਼ਕਰਬਰਗ ਇਸ ਸਾਲ ਸਭ ਤੋਂ ਵੱਧ ਦੌਲਤ ਕਮਾਉਣ ਵਾਲੇ ਅਰਬਪਤੀ ਬਣ ਗਏ ਹਨ। ਜ਼ੁਕਰਬਰਗ ਨੇ 16 ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਐਲੋਨ ਮਸਕ ਨੂੰ ਪਿੱਛੇ ਛੱਡ ਦਿੱਤਾ ਹੈ। ਉਸ ਸਮੇਂ ਉਸ ਦੀ ਕੁੱਲ ਜਾਇਦਾਦ 105.6 ਅਰਬ ਡਾਲਰ ਸੀ ਜਦੋਂ ਕਿ ਐਲੋਨ ਮਸਕ ਦੀ ਕੁੱਲ ਜਾਇਦਾਦ 102.1 ਅਰਬ ਡਾਲਰ ਸੀ।

 

ਐਲੋਨ ਮਸਕ ਦੀ ਦੌਲਤ 'ਚ ਕਿਉਂ ਆਈ ਗਿਰਾਵਟ ?


ਇਸ ਸਾਲ ਦੌਰਾਨ ਐਲੋਨ ਮਸਕ ਦੀ ਦੌਲਤ ਵਿੱਚ ਗਿਰਾਵਟ ਦਾ ਵੱਡਾ ਕਾਰਨ ਟੇਸਲਾ ਦੇ ਸ਼ੇਅਰ ਹਨ। ਸਾਲ 2024 'ਚ ਟੇਸਲਾ ਦੇ ਸ਼ੇਅਰਾਂ 'ਚ 34 ਫੀਸਦੀ ਦੀ ਗਿਰਾਵਟ ਆਈ ਹੈ। ਇਹ ਸ਼ੇਅਰ S&P 500 ਸੂਚਕਾਂਕ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਬਣ ਗਏ ਹਨ। ਕੰਪਨੀ ਦੇ ਸ਼ੇਅਰਾਂ 'ਚ ਗਿਰਾਵਟ ਇਲੈਕਟ੍ਰਿਕ ਵਾਹਨਾਂ ਦੀ ਮੰਗ 'ਚ ਗਿਰਾਵਟ, ਚੀਨ 'ਚ ਚੁਣੌਤੀਆਂ ਅਤੇ ਜਰਮਨੀ 'ਚ ਉਤਪਾਦਨ ਸਮੱਸਿਆਵਾਂ ਕਾਰਨ ਹੋਇਆ ਹੈ।