USA Protest News : ਅਮਰੀਕਾ ਵਿਚ ਟਰੰਪ ਅਤੇ ਮਸਕ ਵਿਰੁਧ ਲੱਖਾਂ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਕੌਮਾਂਤਰੀ

USA Protest News : ਦੇਸ਼ ਭਰ ਵਿਚ ਕੀਤੀਆਂ 1400 ਤੋਂ ਵੱਧ ਰੈਲੀਆਂ 

Millions People protest against Trump and Musk in America Latest News in Punjabi

Millions People protest against Trump and Musk in America Latest News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਐਲੋਨ ਮਸਕ ਵਿਰੁਧ ਸਨਿਚਰਵਾਰ ਨੂੰ ਸਾਰੇ 50 ਰਾਜਾਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਪੂਰੇ ਅਮਰੀਕਾ ਵਿਚ ਟਰੰਪ, ਐਲੋਨ ਮਸਕ ਅਤੇ ਸਟੈਚੂ ਆਫ਼ ਲਿਬਰਟੀ ਦੇ ਪੁਤਲੇ ਬਣਾ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਸੀਐਨਐਨ ਦੀ ਰਿਪੋਰਟ ਅਨੁਸਾਰ, ਦੇਸ਼ ਭਰ ਵਿਚ 1400 ਤੋਂ ਵੱਧ ਰੈਲੀਆਂ ਕੀਤੀਆਂ ਗਈਆਂ ਹਨ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ 6 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪ੍ਰਦਰਸ਼ਨਕਾਰੀ ਨੌਕਰੀਆਂ ਵਿਚ ਕਟੌਤੀ, ਆਰਥਿਕਤਾ ਅਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆਂ 'ਤੇ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ ਕਰ ਰਹੇ ਹਨ। ਇਸ ਵਿਰੋਧ ਪ੍ਰਦਰਸ਼ਨ ਨੂੰ ‘ਹੈਂਡਸ ਆਫ਼’ ਦਾ ਨਾਮ ਦਿਤਾ ਗਿਆ ਹੈ। ਜਿਸ ਦਾ ਮਤਲਬ ਹੈ 'ਸਾਡੇ ਹੱਕਾਂ ਤੋਂ ਦੂਰ ਰਹੋ।' ਇਸ ਨਾਹਰੇ ਦਾ ਉਦੇਸ਼ ਇਹ ਦਰਸਾਉਣਾ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਅਧਿਕਾਰਾਂ ਨੂੰ ਕੰਟਰੋਲ ਕਰੇ।

ਇਸ ਵਿਰੋਧ ਪ੍ਰਦਰਸ਼ਨ ਵਿਚ 150 ਤੋਂ ਵੱਧ ਸੰਗਠਨਾਂ ਨੇ ਹਿੱਸਾ ਲਿਆ। ਇਸ ਵਿਚ ਨਾਗਰਿਕ ਅਧਿਕਾਰ ਸੰਗਠਨ, ਮਜ਼ਦੂਰ ਯੂਨੀਅਨਾਂ, LGBTQ+ ਵਲੰਟੀਅਰ, ਸਾਬਕਾ ਸੈਨਿਕ ਅਤੇ ਚੋਣ ਕਰਮਚਾਰੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਸਟੈਚੂ ਆਫ਼ ਲਿਬਰਟੀ ਦੇ ਰੂਪ ਵਿਚ ਅਪਣੇ ਮੂੰਹ 'ਤੇ ਪ੍ਰਤੀਕਾਤਮਕ ਪੱਟੀ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਜਾਣਕਾਰੀ ਅਨੁਸਾਰ ਐਲੋਨ ਮਸਕ ਅਮਰੀਕਾ ਦੀ ਟਰੰਪ ਸਰਕਾਰ ਵਿਚ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰੀ ਮਸ਼ੀਨਰੀ ਨੂੰ ਘਟਾਉਣ ਨਾਲ ਟੈਕਸ ਦਾਤਾਵਾਂ ਦੇ ਅਰਬਾਂ ਡਾਲਰ ਬਚਣਗੇ। ਇਸ ਦੇ ਨਾਲ ਹੀ, ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਯੋਜਨਾਵਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਨ ਪਰ ਡੈਮੋਕ੍ਰੇਟ ਇਨ੍ਹਾਂ ਯੋਜਨਾਵਾਂ ਦੇ ਲਾਭ ਗ਼ੈਰ-ਕਾਨੂੰਨੀ ਪ੍ਰਵਾਸੀਆਂ ਤਕ ਪਹੁੰਚਾਉਣਾ ਚਾਹੁੰਦੇ ਹਨ।