ਕੰਸਾਸ ਗੋਲੀਬਾਰੀ : 14 ਮਹੀਨੇ ਬਾਅਦ ਮਿਲਿਆ ਇਨਸਾਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਇੰਜੀਨੀਅਰ ਦੇ ਕਾਤਲ ਨੂੰ ਉਮਰ ਕੈਦ

Srinivaas Kuchibotla

ਕੰਸਾਸ, 5 ਮਈ : ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ (32) ਦੀ ਹਤਿਆ ਦੇ ਮਾਮਲੇ 'ਚ ਅਮਰੀਕੀ ਅਦਾਲਤ ਨੇ ਸਾਬਕਾ ਸਮੁੰਦਰੀ ਫ਼ੌਜ ਅਧਿਕਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 22 ਫ਼ਰਵਰੀ ਨੂੰ ਇੰਜੀਨੀਅਰ ਨੂੰ ਸਰੇਆਮ ਗੋਲੀ ਮਾਰ ਦਿਤੀ ਗਈ ਸੀ। ਇਸ ਦੌਰਾਨ ਸ੍ਰੀਨਿਵਾਸ ਦਾ ਦੋਸਤ ਵੀ ਜ਼ਖ਼ਮੀ ਹੋ ਗਿਆ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ 51 ਸਾਲਾ ਸਾਬਕਾ ਫ਼ੌਜ ਅਧਿਕਾਰੀ ਐਡਮ ਡਬਲਿਊ ਪੁਰੀਤਿਨ ਨੂੰ ਉਮਰ ਕੈਦ ਦੀ ਸਜ਼ਾ ਦਿਤੀ ਜਾਂਦੀ ਹੈ। ਸਜ਼ਾ ਦੌਰਾਨ ਉਹ ਇਕ ਵਾਰ ਪੈਰੋਲ ਦਾ ਹੱਕਦਾਰ ਹੋਵੇਗਾ।ਅਦਾਲਤ ਨੇ ਐਡਮ ਪੁਰੀਤਿਨ ਨੂੰ ਸ੍ਰੀਨਿਵਾਸ ਦੇ ਕਤਲ ਦਾ ਦੋਸ਼ੀ ਪਾਇਆ। ਅਦਾਲਤ ਨੇ ਦੋ ਕਤਲਾਂ ਦੇ ਦੋਸ਼ਾਂ 'ਚ ਪੁਰੀਤਿਨ ਨੂੰ ਵੱਖ-ਵੱਖ 165 ਮਹੀਨੇ ਜੇਲ ਦੀ ਸਜ਼ਾ ਸੁਣਾਈ। ਸ੍ਰੀਨਿਵਾਸ ਦੀ ਪਤਨੀ ਸੁਨੈਨਾ ਦੁਮਾਲਾ ਨੇ ਅਦਾਲਤ ਦੇ ਫ਼ੈਸਲਾ ਦਾ ਸਵਾਗਤ ਕੀਤਾ।

ਸੁਨੈਨਾ ਨੇ ਕਿਹਾ, ''ਮੇਰੇ ਪਤੀ ਦੇ ਕਤਲ ਦੇ ਮਾਮਲੇ 'ਚ ਅੱਜ ਫ਼ੈਸਲਾ ਆਇਆ ਹੈ, ਇਹ ਫ਼ੈਸਲਾ ਮੇਰੇ ਪਤੀ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ, ਪਰ ਇਸ ਨਾਲ ਇਕ ਸਖ਼ਤ ਸੰਦੇਸ਼ ਜਾਵੇਗਾ ਕਿ ਅਜਿਹੇ ਨਸਲੀ ਹਮਲਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।'' ਉਸ ਨੇ ਕਿਹਾ, ''ਮੈਂ ਇਸ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਲਈ ਜ਼ਿਲ੍ਹਾ ਅਟਾਰਨੀ ਦਫ਼ਤਰ ਅਤੇ ਓਲਾਥੇ ਪੁਲਿਸ ਦਾ ਧਨਵਾਦ ਅਦਾ ਕਰਨਾ ਚਾਹੁੰਦੀ ਹਾਂ।''
ਜ਼ਿਕਰਯੋਗ ਹੈ ਕਿ ਸ੍ਰੀਨਿਵਾਸ ਅਤੇ ਆਲੋਕ ਮਦਸਾਨੀ ਓਲਾਥੇ 'ਚ ਜੀ.ਪੀ.ਐਸ. ਬਣਾਉਣ ਵਾਲੀ ਕੰਪਨੀ ਗਾਰਮਿਨ ਦੇ ਐਵੀਏਸ਼ਨ ਵਿੰਗ 'ਚ ਕੰਮ ਕਰਦੇ ਸਨ। 22 ਫ਼ਰਵਰੀ 2017 ਦੀ ਰਾਤ ਉਹ ਓਲਾਥੇ ਦੇ ਆਸਟਿਨ ਬਾਰ ਐਂਡ ਗ੍ਰਿਲ ਬਾਰ 'ਚ ਸਨ। ਉਸ ਸਮੇਂ ਅਮਰੀਕੀ ਸਮੁੰਦਰੀ ਫ਼ੌਜ 'ਚੋਂ ਸੇਵਾਮੁਕਤ ਐਡਮ ਪੁਰੀਤਿਨ ਉਨ੍ਹਾਂ ਨਾਲ ਉਲਝ ਗਿਆ। ਐਡਮ ਨਸਲੀ ਟਿਪਣੀ ਕਰਨ ਲੱਗਾ। ਉਸ ਨੇ ਦੋਹਾਂ ਨੂੰ ਅਤਿਵਾਦੀ ਦਸਦਿਆਂ ਦੇਸ਼ 'ਚੋਂ ਬਾਹਰ ਨਿਕਲ ਜਾਣ ਲਈ ਕਿਹਾ। ਬਹਿਸ ਮਗਰੋਂ ਐਡਮ ਨੂੰ ਬਾਰ 'ਚੋਂ ਕੱਢ ਦਿਤਾ ਗਿਆ। ਥੋੜੀ ਦੇਰ ਬਾਅਦ ਉਹ ਬੰਦੂਕ ਲੈ ਕੇ ਵਾਪਸ ਆਇਆ ਅਤੇ ਦੋਹਾਂ ਨੂੰ ਗੋਲੀ ਮਾਰ ਦਿਤੀ। ਇਸ 'ਚ ਸ੍ਰੀਨਿਵਾਸ ਦੀ ਮੌਤ ਹੋ ਗਈ ਅਤੇ ਮਦਸਾਨੀ ਜ਼ਖ਼ਮੀ ਹੋ ਗਏ ਸਨ। (ਪੀਟੀਆਈ)