ਲਾਸ ਏਂਜਲਸ, 5 ਮਈ : ਅਮਰੀਕਾ ਦੇ ਹਵਾਈ ਟਾਪੂ 'ਚ ਰੀਕਟਰ ਪੈਮਾਨੇ 'ਚ 6.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਮਗਰੋਂ ਕਿਲਾਊ ਜਵਾਲਾਮੁਖੀ ਫੱਟ ਗਿਆ। ਖੇਤਰ ਦੇ 1700 ਲੋਕ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ। ਸੀ.ਐਨ.ਐਨ. ਦੀ ਇਕ ਰੀਪੋਰਟ ਮੁਤਾਬਕ ਜਵਾਲਾਮੁਖੀ ਫ਼ਟਣ ਮਗਰੋਂ ਲੀਲਾਨੀ ਸੂਬੇ ਤੋਂ ਲਗਭਗ 16 ਕਿਲੋਮੀਟਰ ਦੀ ਦੂਰੀ 'ਤੇ 6.9 ਤੀਬਰਤਾ ਦਾ ਭੂਚਾਲ ਆਇਆ, ਜੋ ਹੁਣ ਤਕ ਇਥੇ ਆਏ 110 ਸੱਭ ਤੋਂ ਤੇਜ਼ ਭੂਚਾਲਾਂ 'ਚੋਂ ਇਕ ਸੀ।
ਅਮਰੀਕੀ ਭੂਗੋਲ ਸਰਵੇਖਣ ਵਿਭਾਗ ਦੇ ਵਿਗਿਆਨੀ ਜੈਨਾ ਪਰਸਲੇ ਨੇ ਕਿਹਾ ਕਿ ਵੀਰਵਾਰ ਦੁਪਹਿਰ ਬਾਅਦ ਤੋਂ ਇਥੇ 119 ਭੂਚਾਲ ਆ ਚੁਕੇ ਹਨ। ਸ਼ੁਕਰਵਾਰ ਨੂੰ ਆਇਆ 6.9 ਤੀਬਰਤਾ ਦਾ ਭੂਚਾਲ 1975 ਤੋਂ ਬਾਅਦ ਸੱਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਭੂਚਾਲ ਮਗਰੋਂ ਲਗਭਗ 14 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ। ਹਵਾਈ ਕਾਊਂਟੀ ਦੇ ਮੇਅਰ ਹੈਰੀ ਕਿਮ ਨੇ ਕਿਹਾ ਕਿ ਸਰਕਾਰ ਸਾਰੇ ਨਾਗਰਿਕਾਂ ਦੀ ਮਦਦ ਕਰੇਗੀ। ਇਸ 'ਚ ਉਹ ਲੋਕ ਵੀ ਸ਼ਾਮਲ ਹਨ, ਜੋ ਕੁੱਝ ਸਾਮਾਨ ਲਿਆਉਣ ਲਈ ਅਪਣੇ ਘਰ ਜਾਣਾ ਚਾਹੁੰਦੇ ਹਨ। ਤੇਜ਼ ਭੂਚਾਲ ਕਾਰਨ ਇਥੇ ਦੀ ਹਵਾ 'ਚ ਸਲਫ਼ਰ ਡਾਈ ਆਕਸਾਈਡ ਦੀ ਮਾਤਰਾ ਵੱਧ ਗਈ ਹੈ। (ਪੀਟੀਆਈ)