ਜਾਸੂਸੀ ਦੇ ਦੋਸ਼ 'ਚ ਅਮਰੀਕੀ ਅਧਿਕਾਰੀ ਗ੍ਰਿਫ਼ਤਾਰ
ਅਮਰੀਕਾ 'ਚ ਚੀਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਖੁਫ਼ੀਆ ਵਿਭਾਗ ਦੇ ਇਕ ਸਾਬਕਾ ਅਧਿਕਾਰੀ ਨੂੰ ਐਫ.ਬੀ.ਆਈ. ਨੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ....
ਵਾਸ਼ਿੰਗਟਨ, 5 ਜੂਨ : ਅਮਰੀਕਾ 'ਚ ਚੀਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਖੁਫ਼ੀਆ ਵਿਭਾਗ ਦੇ ਇਕ ਸਾਬਕਾ ਅਧਿਕਾਰੀ ਨੂੰ ਐਫ.ਬੀ.ਆਈ. ਨੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਸੀਏਟਲ ਦੀ ਅਦਾਲਤ 'ਚ ਉਸ 'ਤੇ ਦੋਸ਼ ਵੀ ਤੈਅ ਕਰ ਦਿਤੇ ਗਏ ਹਨ। ਅਮਰੀਕੀ ਨਿਆਂ ਵਿਭਾਗ ਮੁਤਾਬਕ 58 ਸਾਲਾ ਰੋਨ ਰਾਕਵੈਲ ਹਾਨਸੇਨ ਨੂੰ ਅਮਰੀਕੀ ਗੁਪਤ ਸੂਚਨਾਵਾਂ ਦੇਣ ਬਦਲੇ ਚੀਨ 8 ਲੱਖ ਰੁਪਏ ਦਾ ਭੁਗਤਾਨ ਵੀ ਕਰ ਚੁੱਕਾ ਸੀ। ਉਸ ਨੂੰ ਸਨਿਚਰਵਾਰ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਸੀਏਟਲ ਏਅਰਪੋਰਟ ਤੋਂ ਚੀਨ ਲਈ ਉਡਾਨ ਭਰਨ ਜਾ ਰਿਹਾ ਸੀ।
ਹਾਨਸੇਨ ਅਮਰੀਕਾ ਦੇ ਉਟਾਹ ਸੂਬੇ ਦਾ ਰਹਿਣ ਵਾਲਾ ਹੈ। ਉਸ 'ਤੇ ਰੱਖਿਆ ਨਾਲ ਸਬੰਧਤ ਜਾਣਕਾਰੀਆਂ ਦੇਣ ਅਤੇ ਉਸ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਕੋਸ਼ਿਸ਼ ਦਾ ਦੋਸ਼ ਹੈ। ਉਸ 'ਤੇ ਕੈਸ਼ ਸਮਗਲਿੰਗ ਸਮੇਤ 15 ਵੱਖ-ਵੱਖ ਦੋਸ਼ ਵੀ ਦਾਇਰ ਕੀਤੇ ਗਏ ਹਨ। ਜੇ ਜਾਸੂਸੀ ਦਾ ਦੋਸ਼ ਸਾਬਤ ਹੋਇਆ ਤਾਂ ਉਸ ਨੂੰ ਉਮਰ ਕੈਦ ਹੋ
ਸਕਦੀ ਹੈ।
ਜਾਣਕਾਰੀ ਮੁਤਾਬਕ ਹਾਨਸੇਨ ਅਮਰੀਕੀ ਫ਼ੌਜ 'ਚ ਸਿਗਨਲ ਇੰਟੈਲੀਜੈਂਸ ਦਾ ਕੰਮ ਕਰ ਚੁੱਕਾ ਹੈ। ਉਸ ਨੂੰ 2006 'ਚ ਡਿਫੈਂਸ ਇੰਟੈਲੀਜੈਂਸ ਏਜੰਸੀ 'ਚ ਨਿਯੁਕਤ ਕੀਤਾ ਗਿਆ ਸੀ। ਇਥੇ ਉਸ ਨੂੰ ਵਿਦੇਸ਼ੀ ਖੁਫ਼ੀਆ ਏਜੰਟਾਂ ਦੀ ਭਰਤੀ ਅਤੇ ਪ੍ਰਬੰਧ ਦਾ ਕੰਮ ਦਿਤਾ ਗਿਆ ਸੀ। ਅਦਾਲਤ 'ਚ ਦਾਖ਼ਲ ਦੋਸ਼ ਪੱਤਰ ਮੁਤਾਬਕ ਹਾਨਸੇਨ ਚੀਨ ਦੀ ਮੈਂਡਰਿਨ ਅਤੇ ਰੂਸੀ ਭਾਸ਼ਾ ਚੰਗੀ ਤਰ੍ਹਾਂ ਜਾਣਦਾ ਹੈ। ਨਿਆਂ ਵਿਭਾਗ ਨੇ ਅਦਾਲਤ ਨੂੰ ਦਸਿਆ ਕਿ ਹਾਨਸੇਨ ਸਾਲ 2013 ਤੋਂ 2017 ਵਿਚਕਾਰ ਕਈ ਵਾਰ ਅਮਰੀਕਾ ਤੋਂ ਚੀਨ ਸਫ਼ਰ ਕਰ ਚੁੱਕਾ ਸੀ। (ਪੀਟੀਆਈ)