18 ਮਹੀਨੇ ਬਾਅਦ ਜ਼ਿੰਦਾ ਮਿਲੀ ਸਮੁੰਦਰ 'ਚ ਲਾਪਤਾ ਔਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ 'ਚ ਇਕ ਔਰਤ ਸਮੁੰਦਰ ਦੀਆਂ ਲਹਿਰਾਂ ਵਿਚ ਰੁੜ੍ਹ ਗਈ ਸੀ। ਉਸ ਨੂੰ ਤਲਾਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਹੋਈ, ਪਰ ਉਸ ਦਾ ਕੋਈ ਸੁਰਾਗ਼ ਨਹੀਂ ਲੱਗਾ..........

Nining Tsunarshih

ਜਕਾਰਤਾ  : ਇੰਡੋਨੇਸ਼ੀਆ 'ਚ ਇਕ ਔਰਤ ਸਮੁੰਦਰ ਦੀਆਂ ਲਹਿਰਾਂ ਵਿਚ ਰੁੜ੍ਹ ਗਈ ਸੀ। ਉਸ ਨੂੰ ਤਲਾਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਹੋਈ, ਪਰ ਉਸ ਦਾ ਕੋਈ ਸੁਰਾਗ਼ ਨਹੀਂ  ਲੱਗਾ। ਆਖ਼ਰ 18 ਮਹੀਨਿਆਂ ਬਾਅਦ ਔਰਤ ਉਸੇ ਬੀਚ 'ਤੇ ਜ਼ਿੰਦਾ ਮਿਲੀ, ਜਿਥੇ ਉਹ ਲਹਿਰਾਂ 'ਚ ਰੁੜ੍ਹ ਗਈ ਸੀ। ਔਰਤ ਨੂੰ 18 ਮਹੀਨੇ ਬਾਅਦ ਉਸ ਦੇ ਇਕ ਰਿਸ਼ਤੇਦਾਰ ਨੇ ਸਮੁੰਦਰ ਤਟ 'ਤੇ ਜਦੋਂ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਹਾਲਾਂਕਿ ਇਸ ਸਮੇਂ ਔਰਤ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਸ ਤੋਂ ਕੁਝ ਵੀ ਪੁਛਗਿਛ ਕੀਤੀ ਜਾ ਸਕੇ ਅਤੇ ਪਤਾ ਕੀਤਾ ਜਾ ਸਕੇ ਕਿ ਉਹ ਇੰਨੇ ਦਿਨਾਂ ਤਕ ਕਿਥੇ ਰਹੀ ਅਤੇ ਕਿਵੇਂ ਜ਼ਿੰਦਾ ਬਚੀ।

ਮੀਡੀਆ ਰੀਪੋਰਟਾਂ ਮੁਤਾਬਕ 53 ਸਾਲਾ ਨਿਨਿੰਗ ਸੁਨਾਰਸਿਹ ਨੂੰ ਅਧਿਕਾਰੀਆਂ ਨੇ ਮ੍ਰਿਤਕ ਮੰਨ ਲਿਆ ਸੀ। ਅਸਲ ਵਿਚ ਉਹ ਜਨਵਰੀ 2017 'ਚ ਪਛਮੀ ਜਾਵਾ ਵਿਚ ਆਈ ਇਕ ਵੱਡੀ ਲਹਿਰ ਨਾਲ ਰੁੜ੍ਹ ਗਈ ਸੀ। ਪੁਲਿਸ ਨੇ ਕਈ ਦਿਨਾਂ ਤਕ ਨਿਨਿੰਗ ਦੀ ਤਲਾਸ਼ ਕੀਤੀ, ਪਰ ਉਸ ਦਾ ਕੋਈ ਸੁਰਾਗ ਜਾਂ ਲਾਸ਼ ਲੱਭਣ ਵਿਚ ਅਸਫ਼ਲ ਰਹੀ। ਜਾਣਕਾਰੀ ਮੁਤਾਬਕ ਨਿਨਿੰਗ ਸੁਕਾਬੁਮੀ 'ਚ ਸਾਈਟਪਸ ਬੀਚ 'ਤੇ ਅਪਣੇ ਪਰਵਾਰ ਨਾਲ ਛੁੱਟੀਆਂ ਮਨਾਉਣ ਗਈ ਸੀ। ਸਮੁੰਦਰ 'ਚ ਨਹਾਉਣ ਦੌਰਾਨ ਇਕ ਵੱਡੀ ਲਹਿਰ ਆਈ ਅਤੇ ਉਸ ਨੂੰ ਅਪਣੇ ਨਾਲ ਵਹਾ ਕੇ ਲੈ ਗਈ।

ਇਸ ਦੌਰਾਨ ਨਿਨਿੰਗ ਦੀ ਭੈਣ ਅਤੇ ਪੋਤਾ ਬੇਬਸ ਹੋ ਕੇ ਉਸ ਨੂੰ ਰੁੜ੍ਹਦੇ ਹੋਏ ਵੇਖਦੇ ਰਹਿ ਗਏ। ਪਰਵਾਰ ਮੁਤਾਬਕ ਨਿਨਿੰਗ ਦੇ ਪਿਤਾ ਨੂੰ ਇਕ ਰਹੱਸਮਈ ਸੁਪਨਾ ਆਇਆ, ਜਿਸ 'ਚ ਉਨ੍ਹਾਂ ਦੇਖਿਆ ਕਿ ਨਿਨਿੰਗ ਉਸੇ ਸਮੁੰਦਰੀ ਤਟ 'ਤੇ ਬੇਹੋਸ਼ ਪਈ ਹੈ। ਉਸ ਨੇ ਕਪੜੇ ਵੀ ਉਹੀ ਪਾਏ ਹੋਏ ਹਨ, ਜੋ ਹਾਦਸੇ ਵਾਲੇ ਦਿਨ ਪਾਏ ਸਨ। ਇਸ ਮਗਰੋਂ ਪਰਵਾਰ ਦੇ ਮੈਂਬਰ ਉਸੇ ਬੀਚ 'ਤੇ ਦੁਬਾਰਾ ਗਏ। ਉਨ੍ਹਾਂ ਦੀ ਪਹਿਲੀ ਤਲਾਸ਼ ਅਸਫ਼ਲ ਰਹੀ। ਪਰ ਜਿਸ ਜਗ੍ਹਾ ਤੋਂ ਨਿਨਿੰਗ ਸਮੁੰਦਰ ਦੀ ਲਹਿਰ ਵਿਚ ਰੁੜ੍ਹ ਗਈ ਸੀ, ਉਥੋਂ ਕਰੀਬ 500 ਮੀਟਰ ਦੀ ਦੂਰੀ 'ਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਅਪਣੀ ਭੈਣ ਨੂੰ ਮਿਲੀ। (ਏਜੰਸੀ)