ਕੋਵਿਡ-19 ਦਵਾਈਆਂ ਦੀ ਜਾਂਚ ਨੂੰ ਰਫ਼ਤਾਰ ਦੇ ਸਕਦੀ ਹੈ 'ਚਿਪ 'ਤੇ ਲੱਗੀ ਸੈੱਲ ਦੀ ਝਿੱਲੀ'

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਮਬ੍ਰਿਜ, ਕੋਰਨੇਲ ਤੇ ਸਟੈਨਫੋਰਡ ਯੂਨੀਵਰਸਿਟੀਆਂ ਦੇ ਖੋਜਕਾਰਾਂ ਦਾ ਦਾਅਵਾ

Covid-19

ਲੰਡਨ : ਇਕ ਚਿਪ 'ਤੇ ਲੱਗੀ ਮਨੁੱਖੀ ਸੈੱਲ ਦੀ ਝਿੱਲੀ ਇਸ ਗੱਲ ਦੀ ਲਗਾਤਾਰ ਨਿਗਰਾਨੀ ਕਰ ਸਕਦੀ ਹੈ ਕਿ ਦਵਾਈਆਂ ਅਤੇ ਇਨਫ਼ੈਕਟਿਡ ਏਜੰਟ ਸਾਡੇ ਸੈੱਲਾਂ ਨੂੰ ਕਿਸ ਤਰ੍ਹਾਂ ਪ੍ਰਭਾਵਤ ਕਰਦੇ ਹਨ। ਵਿਗਿਆਨੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਉਪਕਰਣ ਦੀ ਵਰਤੋਂ ਕੋਵਿਡ-19 ਲਈ ਸੰਭਾਵਤ ਦਵਾਈਆਂ ਦੀ ਜਾਂਚ ਕਰਨ ਵਿਚ ਕੀਤੀ ਜਾ ਸਕਦੀ ਹੈ।

ਬ੍ਰਿਟੇਨ ਦੀ ਕੈਮਬ੍ਰਿਜ ਯੂਨੀਵਰਸਿਟੀ ਅਤੇ ਅਮਰੀਕਾ ਦੀ ਕੋਰਨੇਲ ਯੂਨੀਵਰਸਿਟੀ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਇਹ ਉਪਕਰਣ ਕਿਸੇ ਵੀ ਤਰ੍ਹਾਂ ਦੇ ਸੈੱਲ-ਜੀਵਾਣੂ, ਮਨੁੱਖੀ ਜਾਂ ਇਥੋਂ ਤਕ ਕਿ ਪੌਦਿਆਂ ਦੀ ਸਖ਼ਤ ਸੈੱਲ ਝਿੱਲੀ ਦੀ ਵੀ ਨਕਲ ਕਰ ਸਕਦਾ ਹੈ। ਇਨ੍ਹਾਂ ਉਪਕਰਣਾਂ ਨੂੰ ਸੈੱਲ ਝਿੱਲੀ ਦੀ ਸਥਿਤੀ ਅਤੇ ਕਾਰਜਸ਼ੀਲਤਾ ਨੂੰ ਸੁਰੱਖਿਅਤ ਰਖਦੇ ਹੋਏ ਚਿਪ 'ਤੇ ਤਿਆਰ ਕੀਤਾ ਗਿਆ ਹੈ।

 ਖੋਜਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਨੁੱਖੀ ਸੈੱਲਾਂ ਵਿਚ ਪ੍ਰੋਟੀਨ ਦੇ ਇਕ ਵਰਗ, ਆਇਨ ਚੈਨਲ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਵਿਚ ਸਫ਼ਲਤਾਪੂਰਵਕ ਵਰਤਿਆ ਗਿਆ ਹੈ। ਇਹ ਪ੍ਰੋਟੀਨ 60 ਫ਼ੀ ਸਦੀ ਤੋਂ ਵੱਧ ਪ੍ਰਮਾਣਤ ਦਵਾਈਆਂ ਦਾ ਟੀਚਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੈੱਲ ਝਿੱਲੀਆਂ ਜੈਵਿਕ ਸੰਕੇਤਨ ਵਿਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ। ਉਹ ਸੈੱਲ ਅਤੇ ਬਾਹਰੀ ਦੁਨੀਆਂ ਵਿਚ ਦਰਬਾਨ ਬਣ ਕੇ ਵਾਇਰਸ ਤੋਂ ਹੋਣ ਵਾਲੇ ਇਨਫੈਕਸ਼ਨ ਤੋਂ ਲੈ ਕੇ ਦਰਦ ਤੋਂ ਰਾਹਤ ਦਿਵਾਉਣ ਤਕ ਹਰ ਇਕ ਚੀਜ਼ ਨੂੰ ਕਾਬੂ ਕਰਦੀਆਂ ਹਨ।

ਖੋਜਕਾਰਾਂ ਦੀ ਇਕ ਟੀਮ ਨੇ ਇਕ ਅਜਿਹਾ ਸੈਂਸਰ ਤਿਆਰ ਕਰਨ ਦਾ ਟੀਚਾ ਰਖਿਆ ਜੋ ਸੈੱਲ ਝਿੱਲੀ ਦੇ ਸਾਰੇ ਮਹੱਤਵਪੂਰਣ ਪਹਿਲੂਆਂ ਜਿਵੇਂ ਉਸ ਦਾ ਢਾਂਚਾ, ਤਰਲਤਾ ਅਤੇ ਆਇਨ ਗਤੀਵਿਧੀ 'ਤੇ ਕੰਟਰੋਲ ਆਦਿ ਨੂੰ ਸੁਰੱਖਿਅਤ ਰੱਖੇ ਅਤੇ ਉਹ ਵੀ ਸੈੱਲ ਨੂੰ ਜ਼ਿੰਦਾ ਰੱਖਣ ਲਈ ਬਹੁਤ ਜ਼ਿਆਦਾ ਸਮਾਂ ਲੈਣ ਵਾਲੇ ਕਦਮਾਂ ਦੇ ਬਿਨਾਂ। ਇਹ ਉਪਕਰਣ ਇਕ ਇਲੈਕਟ੍ਰੋਨਿਕ ਚਿਪ ਦੀ ਵਰਤੋਂ ਕਰ ਕੇ ਸੈੱਲ ਵਿਚੋਂ ਕੱਢੀ ਗਈ ਝਿੱਲੀ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ ਮਾਪਦਾ ਹੈ।

ਇਸ ਨਾਲ ਵਿਗਿਆਨੀਆਂ ਨੂੰ ਸੁਰੱਖਿਅਤ ਅਤੇ ਆਸਾਨ ਢੰਗ ਨਾਲ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਸੈੱਲ ਬਾਹਰੀ ਦੁਨੀਆ ਤੋਂ ਕਿਵੇਂ ਪ੍ਰਭਾਵਤ ਹੁੰਦੇ ਹਨ, ਨਾਲ ਹੀ ਨਵੀਆਂ ਦਵਾਈਆਂ ਅਤੇ ਐਂਟੀਬੌਡੀ ਦੀ ਵੀ ਪਛਾਣ ਕੀਤੀ ਜਾ ਸਕਦੀ ਹੈ। ਇਹ ਅਧਿਐਨ 'ਲੌਂਗਮੁਇਰ' ਅਤੇ 'ਏ.ਸੀ.ਐੱਸ. ਨੈਨੋ' ਪੱਤਰਕਾ ਵਿਚ ਪ੍ਰਕਾਸ਼ਤ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।