ਰਾਮ ਮੰਦਰ ਦੇ ਨੀਂਹ ਪੱਥਰ ਨਾਲ ਬੌਖਲਾਇਆ ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, 'ਭਾਰਤ ਹੁਣ ਰਾਮ ਨਗਰ ਹੋ ਗਿਆ'

Sheikh Rashid

ਇਸਲਾਮਾਬਾਦ, 5 ਅਗੱਸਤ : ਅਯੁੱਧਿਆ 'ਚ ਰਾਮ ਮੰਦਰ ਦੇ ਨੀਂਹ ਪੱਥਰ ਨਾਲ ਪਾਕਿਸਤਾਨ ਬੌਖਲਾਇਆ ਹੋਇਆ ਹੈ। ਕੌਮਾਂਤਰੀ ਮੰਚਾਂ 'ਤੇ ਕਸ਼ਮੀਰ ਦਾ ਰਾਗ ਅਲਾਪ ਰਹੇ ਪਾਕਿਸਤਾਨ ਨੇ ਹੁਣ ਰਾਮ ਮੰਦਰ ਦੇ ਮੁੱਦੇ 'ਤੇ ਭਾਰਤ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ ਹੈ। ਇਮਰਾਨ ਖ਼ਾਨ ਸਰਕਾਰ ਵਿਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਇਸ ਨੂੰ ਫਿਰਕੂ ਕਰਾਰ ਦਿਤਾ ਹੈ । ਰਾਸ਼ਿਦ ਨੇ ਇਕ ਬਿਆਨ 'ਚ ਕਿਹਾ ਕਿ 'ਭਾਰਤ ਹੁਣ ਰਾਮ ਨਗਰ ਹੋ ਗਿਆ ਹੈ। ਉੱਥੇ ਧਰਮ ਨਿਰਪੱਖਤਾ ਨਹੀਂ ਰਹੀ।' ਰਾਸ਼ਿਦ ਨੇ ਅੱਗੇ ਕਿਹਾ ਕਿ ਭਾਰਤ 'ਚ ਹੁਣ ਹਿੰਦੂਵਾਦੀ ਤਾਕਤਾਂ ਹਾਵੀ ਹੋ ਗਈਆਂ ਹਨ।

ਮੰਗਲਵਾਰ ਨੂੰ ਇਕ ਬਿਆਨ 'ਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਭਾਰਤ 'ਚ ਧਰਮ ਨਿਰਪੱਖਤਾ 'ਤੇ ਸਵਾਲ ਖੜੇ ਕੀਤੇ । ਉਨ੍ਹਾਂ ਕਿਹਾ ਕਿ 'ਭਾਰਤ ਹੁਣ ਰਾਮ ਨਗਰ ਵਿਚ ਬਦਲ ਗਿਆ ਹੈ। ਉੱਥੇ ਫਿਰਕਾਪ੍ਰਸਤੀ ਵਧ ਰਹੀ ਹੈ ਅਤੇ ਧਰਮ ਨਿਰਪੱਖਤਾ ਦਾ ਅੰਤ ਹੋ ਰਿਹਾ ਹੈ।' ਉਨ੍ਹਾਂ ਕਿਹਾ ਕਿ ਜੇਕਰ ਸਾਫ਼ ਤੌਰ 'ਤੇ ਕਿਹਾ ਜਾਵੇ ਤਾਂ ਭਾਰਤ ਹੁਣ ਧਰਮ ਨਿਰਪੱਖ ਨਹੀਂ ਰਿਹਾ। ਘੱਟ ਗਿਣਤੀਆਂ ਨੂੰ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਹੁਣ ਸ਼੍ਰੀਰਾਮ ਦੇ ਹਿੰਦੂਤਵ ਵਿਚ ਢਲ ਗਿਆ ਹੈ।