ਚੀਨ 'ਚ ਨਵੇਂ ਵਾਇਰਸ ਨੇ ਲਈਆਂ ਸੱਤ ਜਾਨਾਂ, 60 ਤੋਂ ਵਧ ਪੀੜਤ : ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ 'ਚ ਇਕ ਨਵੀਂ ਬਿਮਾਰੀ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵਧ ਲੋਕ ਇਸ ਨਾਲ ਪੀੜਤ ਪਾਏ ਗਏ ਹਨ

File Photo

ਬੀਜਿੰਗ, 5 ਅਗੱਸਤ : ਚੀਨ 'ਚ ਇਕ ਨਵੀਂ ਬਿਮਾਰੀ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵਧ ਲੋਕ ਇਸ ਨਾਲ ਪੀੜਤ ਪਾਏ ਗਏ ਹਨ। ਚੀਨੀ ਸਰਕਾਰੀ ਮੀਡੀਆ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ ਅਤੇ ਮਨੁੱਖਾਂ ਵਿਚ ਵਾਇਰਸ ਫੈਲਣ ਦੀ ਸੰਭਾਵਨਾ ਬਾਰੇ ਚੇਤਾਵਨੀ ਜਾਰੀ ਕੀਤੀ।

ਪੂਰਬੀ ਚੀਨ ਦੇ ਜਿਆਂਗਸੂ ਸੂਬੇ ਵਿਚ ਸਾਲ ਦੇ ਪਹਿਲੇ ਅੱਧ 'ਚ 37 ਤੋਂ ਵਧ ਲੋਕ ਐਸਐਫਟੀਐਸ ਵਾਇਰਸ ਨਾਲ ਪੀੜਤ ਹੋਏ ਹਨ। ਸਰਕਾਰੀ ਗਲੋਬਲ ਟਾਈਮਜ਼ ਦੇ ਹਵਾਲੇ ਨਾਲ ਕਿਹਾ ਗਿਆ ਕਿ ਬਾਅਦ ਵਿਚ ਪੂਰਬੀ ਚੀਨ ਦੇ ਅਨਹੂਈ ਪ੍ਰਾਂਤ ਵਿਚ 23 ਵਿਅਕਤੀਆਂ ਦੇ ਪੀੜਤ ਹੋਣ ਬਾਰੇ ਪਤਾ ਲਗਿਆ।

ਇਸ ਵਾਇਰਸ ਤੋਂ ਪੀੜਤ ਜੀਆਂਗਸੂ ਦੀ ਰਾਜਧਾਨੀ ਨਾਨਜਿਆਂਗ ਦੀ ਇਕ ਮਹਿਲਾ ਨੂੰ ਸ਼ੁਰੂ ਵਿਚ ਖੰਘ ਅਤੇ ਬੁਖ਼ਾਰ ਦੇ ਲੱਛਣ ਦਿਖਾਈ ਦਿਤੇ ਸੀ। ਡਾਕਟਰਾਂ ਨੇ ਉਸ ਦੇ ਸਰੀਰ ਵਿਚ ਲਿਊਕੋਸਾਈਟ ਅਤੇ ਪਲੇਟਲੈਟਾਂ ਵਿਚ ਕਮੀ ਹੋਣ ਬਾਰੇ ਪਤਾ ਲਗਿਆ। ਇਕ ਮਹੀਨੇ ਦੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਰੀਪੋਰਟ ਮੁਤਾਬਕ ਅਨਹੂਈ ਅਤੇ ਪੂਰਬੀ ਚੀਨ ਦੇ ਝੇਜਿਯਾਂਗ ਸੂਬੇ ਵਿਚ ਵਾਇਰਸ ਨਾਲ ਘੱਟੋ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਐਸਐਫਟੀਐਸ ਵਾਇਰਸ ਕੋਈ ਨਵਾਂ ਨਹੀਂ ਹੈ। ਚੀਨ 'ਚ 2011 ਵਿਚ ਇਸ ਬਾਰੇ ਪਤਾ ਲਗਿਆ ਸੀ।

ਵਾਇਰਲੋਜਿਸਟ ਮੰਨਦੇ ਹਨ ਕਿ ਇਹ ਵਾਇਰਸ ਜਾਨਵਰਾਂ ਦੇ ਸਰੀਰ 'ਤੇ ਚਿਪਕਣ ਵਾਲੀ ਕਿੱਲ (ਟਿੱਕ) ਵਰਗੇ ਕੀੜੇ-ਮਕੌੜਿਆਂ ਦੁਆਰਾ ਮਨੁੱਖ ਵਿਚ ਫੈਲ ਸਕਦਾ ਹੈ ਅਤੇ ਫਿਰ ਮਨੁੱਖਜਾਤੀ ਵਿਚ ਇਸ ਦਾ ਪ੍ਰਸਾਰ ਹੋ ਸਕਦਾ ਹੈ।