ਤਾਲਿਬਾਨ ਨੇ ਗੁਰਦੁਆਰਾ ਥਲਾ ਸਾਹਿਬ ਤੋਂ ਹਟਾਇਆ ਨਿਸ਼ਾਨ ਸਾਹਿਬ, ਸਿੱਖਾਂ ‘ਚ ਰੋਸ
ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਇਸ ਮੁੱਦੇ ਵਿਚ ਦਖਲ ਦੇਣ ਲਈ ਵੀ ਕਿਹਾ ਹੈ
ਅਫਗਾਨਿਸਤਾਨ –ਤਾਲਿਬਾਨ ਨੇ ਕਥਿਤ ਤੌਰ 'ਤੇ ਪੂਰਬੀ ਅਫਗਾਨਿਸਤਾਨ ਦੇ ਪਖਤਿਆ ਸੂਬੇ ਦੇ ਇੱਕ ਗੁਰਦੁਆਰੇ ਤੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਨਿਸ਼ਾਨ ਸਾਹਿਬ ਨੂੰ ਹਟਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਟਵੀਟ ਕੀਤੀਆਂ ਜਾ ਰਹੀਆਂ ਤਸਵੀਰਾਂ ਅਨੁਸਾਰ ਨਿਸ਼ਾਨ ਸਾਹਿਬ ਨੂੰ ਪਖਤਿਆ ਸੂਬੇ ਦੇ ਚਮਕਨੀ ਇਲਾਕੇ ਦੇ ਗੁਰਦੁਆਰਾ ਥਲਾ ਸਾਹਿਬ ਦੀ ਛੱਤ ਤੋਂ ਉਤਾਰਿਆ ਗਿਆ ਹੈ, ਹਾਲਾਂਕਿ ਤਾਲਿਬਾਨ ਸੰਗਠਨ ਨੇ ਇਸ ਦਾ ਖੰਡਨ ਕੀਤਾ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਮੁੜ ਤੋਂ ਪੈਰ ਫੈਲਾਉਣ ਲੱਗਾ ਹੈ ।
ਪਹਿਲਾਂ ਤਾਲਿਬਾਨੀ ਅਤਿਵਾਦੀ ਗੁਰਦੁਆਰੇ ਦੇ ਸੇਵਾਦਾਰ ਨੂੰ ਧਮਕੀਆਂ ਦਿੰਦੇ ਰਹੇ, ਫਿਰ ਨਿਸ਼ਾਨ ਸਾਹਿਬ ਨੂੰ ਜ਼ਬਰਨ ਹਟਾ ਦਿੱਤਾ ਗਿਆ। ਇੱਕ ਅਫਗਾਨ ਮੂਲ ਦੇ ਹਿੰਦੂ ਸਿੱਖ ਅਤੇ ਕਮਿਊਨਿਟੀ ਮਾਮਲਿਆਂ ਦੀ ਦੇਖਭਾਲ ਕਰ ਰਹੇ ਚਰਨ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਕਿਹਾ ਕਿ “ਅਤਿਵਾਦੀਆਂ ਦੇ ਇਸ ਘਿਣਾਉਣੇ ਕਦਮ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਵਿਆਪੀ ਭਾਈਚਾਰੇ ਅਤੇ ਸ਼ਾਂਤੀ ਦੇ ਸੰਦੇਸ਼ਵਾਹਕ ਵਜੋਂ ਜਾਣੇ ਜਾਂਦੇ ਹਨ। ਅਫਗਾਨਿਸਤਾਨ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਉੱਚ ਪੱਧਰ 'ਤੇ ਸੰਭਾਲ ਕੀਤੀ ਜਾਵੇ।”
ਇਸ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਵੀ ਇਸ ਘਟਨਾ ਨੂੰ ਲੈ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਤਾਲਿਬਾਨ ਵੱਲੋਂ ਇਤਿਹਾਸਕ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਏ ਜਾਣ ਕਾਰਨ ਦੁਨੀਆ ਭਰ ਦੇ ਸਿੱਖ ਦੁਖੀ ਹਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਪਣੇ ਚਰਨ ਪਾਏ ਸਨ। ਤਾਲਿਬਾਨ ਦੀ ਇਸ ਹਰਕਤ ਨਾਲ ਅਫਗਾਨਿਸਤਾਨ ਵਿਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਲਈ ਗੰਭੀਰ ਖਤਰੇ ਨੂੰ ਦਰਸਾਉਂਦੀ ਹੈ।
ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਇਸ ਮੁੱਦੇ ਵਿਚ ਦਖਲ ਦੇਣ ਲਈ ਵੀ ਕਿਹਾ ਹੈ ਅਤੇ ਅਫਗਾਨਿਸਤਾਨ ਵਿਚ ਆਪਣੇ ਹਮਰੁਤਬਾ ਦੇ ਨਾਲ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਇਕ ਅਫ਼ਗਾਨੀ ਨਾਗਰਿਕ ਨਿਦਾਨ ਸਿੰਘ ਸਚਦੇਵਾ (55) ਨੂੰ ਚਮਕਾਨੀ ਦੇ ਥਲਾ ਸ੍ਰੀ ਮਾਹਰ ਨਾਨਕ ਸਾਹਿਬ ਦੇ ਗੁਰਦੁਆਰੇ ਤੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਸੀ।
ਉਸ ਦਾ ਘਰ, ਪਤਨੀ ਅਤੇ ਛੋਟੇ ਬੱਚੇ ਉਸ ਸਮੇਂ ਦਿੱਲੀ ਵਿਚ ਸਨ। ਨਿਦਾਨ ਸਿੰਘ ਗੁਰਦੁਆਰਾ ਸਾਹਿਬ ਦੇ ਇਕ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਲਈ ਅਫ਼ਗਾਨਿਸਤਾਨ ਗਏ ਹੋਏ ਸਨ, ਜਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਪਿਛਲੇ ਸਾਲ 17 ਜੂਨ ਦੀ ਰਾਤ ਨੂੰ ਉਸ ਨੂੰ ਹਥਿਆਰਬੰਦ ਆਦਮੀ ਨੇ ਗੁਰਦੁਆਰਾ ਸਾਹਿਬ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਸਮੇਂ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਨਿਦਾਨ ਸਿੰਘ ਦੀ ਰਿਹਾਈ ਵਿੱਚ ਮਦਦ ਦੀ ਮੰਗ ਕੀਤੀ ਸੀ ਤੇ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਉਨ੍ਹਾਂ ਦੇ ਅਗਵਾ ਹੋਣ ਤੋਂ ਬਾਅਦ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਦੇ ਨਾਲ-ਨਾਲ ਅਫ਼ਗਾਨ ਸਰਕਾਰ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀਆਂ ਅਪੀਲਾਂ ਕੀਤੀਆਂ ਗਈਆਂ ਫਿਰ ਕਿਤੇ ਜਾ ਕੇ ਨਿਦਾਨ ਸਿੰਘ ਦੀ ਰਿਹਾਈ ਨੂੰ ਲੈ ਕੇ ਕੀਤੀਆਂ ਇਨ੍ਹਾਂ ਅਪੀਲਾਂ ਨੂੰ ਬੂਰ ਪਿਆ ਤੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਦਹਿਸ਼ਤ ਵਧੀ ਹੈ। ਤਾਲਿਬਾਨ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ ਜਿਨ੍ਹਾਂ ਵਿਚ ਕਵੀ, ਲੇਖਕ, ਕਾਮੇਡੀਅਨ ਸ਼ਾਮਲ ਹਨ।
ਇੰਨਾ ਹੀ ਨਹੀਂ, ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਵੀ ਤਾਲਿਬਾਨ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਪਰ ਤਾਲਿਬਾਨ ਨੇ ਦਾਨਿਸ਼ ਸਿੱਦੀਕੀ ਦੀ ਹੱਤਿਆ ਤੋਂ ਇਨਕਾਰ ਕੀਤਾ ਸੀ। ਅਮਰੀਕੀ ਫ਼ੌਜਾਂ ਨੂੰ ਸਤੰਬਰ ਤੱਕ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸ ਬੁਲਾ ਲਿਆ ਜਾਣਾ ਹੈ। ਇਸ ਕਾਰਨ ਤਾਲਿਬਾਨ ਨੇ ਇੱਕ ਵਾਰ ਫਿਰ ਅਪਣੀ ਦਹਿਸ਼ਤ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸਾਲ ਮਈ ਤੋਂ ਹੁਣ ਤੱਕ, ਉਸ ਨੇ ਅਫਗਾਨਿਸਤਾਨ ਦੇ ਪੇਂਡੂ ਖੇਤਰਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ।