ਪਾਕਿਸਤਾਨ ਨੇ ਲਾਹੌਰ ਵਿਚ ਭਾਰਤੀ ਰਾਜਦੂਤ ਦਾ ਭਾਸ਼ਨ ਰੱਦ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਵੱਲੇ ਸਬੰਧਾਂ ਵਿਚ ਤਣਾਅ ਵਿਚਾਲੇ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ਤੋਂ ਅਗਾਊਂ ਪ੍ਰਵਾਨਗੀ ਨਾ ਲੈਣ 'ਤੇ ਸਿਖਲਾਈ ਸੰਸਥਾ ਵਿਚ ਭਾਰਤੀ ਰਾਜਦੂਤ ਅਜੇ ਬਿਸਾਰੀਆ..........

Ajay Bisariya

ਲਾਹੌਰ : ਦੁਵੱਲੇ ਸਬੰਧਾਂ ਵਿਚ ਤਣਾਅ ਵਿਚਾਲੇ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ਤੋਂ ਅਗਾਊਂ ਪ੍ਰਵਾਨਗੀ ਨਾ ਲੈਣ 'ਤੇ ਸਿਖਲਾਈ ਸੰਸਥਾ ਵਿਚ ਭਾਰਤੀ ਰਾਜਦੂਤ ਅਜੇ ਬਿਸਾਰੀਆ ਦਾ ਨਿਰਧਾਰਤ ਭਾਸ਼ਨ ਆਖ਼ਰੀ ਮਿੰਟ ਵਿਚ ਰੱਦ ਕਰ ਦਿਤਾ। ਇਸ ਘਟਨਾਕ੍ਰਮ ਨਾਲ ਸਬੰਧਤ ਅਧਿਕਾਰੀ ਨੇ ਦਸਿਆ ਕਿ ਭਾਰਤੀ ਰਾਜਦੂਤ ਨੂੰ ਵੀਰਵਾਰ ਨੂੰ ਨੈਸ਼ਨਲ ਸਕੂਲ ਆਫ਼ ਪਬਲਿਕ ਪਾਲਿਸੀ ਵਿਚ ਭਾਸ਼ਨ ਦੇਣ ਲਈ ਸਦਿਆ ਗਿਆ ਸੀ। ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀਆਂ ਨੂੰ ਸਿਖਲਾਈ ਦੇਣ ਵਾਲੀ ਇਹ ਸੰਸਥਾ ਅਕਾਦਮਿਕ ਵਿਦਵਾਨਾਂ, ਪੇਸ਼ੇਵਰਾਂ ਅਤੇ ਮਹਿਮਾਨਾਂ ਨੂੰ ਭਾਸ਼ਨ ਦੇਣ ਲਈ ਅਕਸਰ ਸੱਦਾ ਦਿੰਦੀ ਰਹਿੰਦੀ ਹੈ। 

ਅਧਿਕਾਰੀ ਨੇ ਕਿਹਾ, 'ਲਾਹੌਰ ਦੇ ਐਨਐਸਪੀਪੀ ਨੇ ਸ੍ਰੀ ਬਿਸਾਰੀਆ ਨੂੰ ਚਾਰ ਅਕਤੂਬਰ ਨੂੰ ਮਹਿਮਾਨ ਭਾਸ਼ਨ ਦੇਣ ਲਈ ਸਦਿਆ ਸੀ ਪਰ ਭਾਰਤੀ ਸਫ਼ਾਰਤਖ਼ਾਨੇ ਨੂੰ ਬਾਅਦ ਵਿਚ ਦਸਿਆ ਗਿਆ ਕਿ ਉਨ੍ਹਾਂ ਦਾ ਭਾਸ਼ਨ ਰੱਦ ਕਰ ਦਿਤਾ ਗਿਆ ਹੈ।  ਸੂਤਰਾਂ ਨੇ ਦਸਿਆ ਕਿ ਐਨਐਸਪੀਪੀ ਪ੍ਰਬੰਧਕਾਂ ਨੂੰ ਉਪਰੋਂ ਹੁਕਮ ਮਿਲਣ ਮਗਰੋਂ ਬਿਸਾਰੀਆ ਦਾ ਭਾਸ਼ਨ ਰੱਦ ਕਰਨਾ ਪਿਆ। 

ਅਧਿਕਾਰੀ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਦਸਿਆ ਗਿਆ ਕਿ ਕਿਸੇ ਵੀ ਰਾਜਦੂਤ ਨੂੰ ਮਹਿਮਾਨ ਭਾਸ਼ਨ ਲਈ ਸੱਦਾ ਦੇਣ ਦੇ ਮਾਮਲੇ ਵਿਚ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਗੀ ਲਈ ਜਾਵੇ। ਇਸ ਤੋਂ ਪਹਿਲਾਂ ਬਿਸਾਰੀਆ ਨੂੰ ਹਸਨ ਅਦਬਲ ਵਿਚ ਗੁਰਦਵਾਰਾ ਪੰਜਾ ਸਾਹਿਬ ਜਾਣ ਨਹੀਂ ਦਿਤਾ ਗਿਆ ਸੀ। ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਿਸਾਰੀਆ ਨੂੰ ਸੁਰੱਖਿਆ ਕਾਰਨਾਂ ਕਰ ਕੇ ਉਥੇ ਜਾਣ ਤੋਂ ਰੋਕ ਦਿਤਾ ਗਿਆ ਸੀ ਕਿ ਕਿਉਂਕਿ ਭਾਰਤੀ ਸਿੱਖ ਯਾਤਰੀ ਉਨ੍ਹਾਂ ਨੂੰ ਮਿਲਣਾ ਨਹੀਂ ਚਾਹੁੰਦੇ ਸਨ।  (ਏਜੰਸੀ)