ਨਿਊਜ਼ੀਲੈਂਡ : ਭਾਰਤ ਤੋਂ ਪਰਤੇ ਦੋ ਪੀੜਤਾਂ ਸਮੇਤ ਕੋਰੋਨਾ ਦੇ ਤਿੰਨ ਨਵੇਂ ਮਾਮਲੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ : ਭਾਰਤ ਤੋਂ ਪਰਤੇ ਦੋ ਪੀੜਤਾਂ ਸਮੇਤ ਕੋਰੋਨਾ ਦੇ ਤਿੰਨ ਨਵੇਂ ਮਾਮਲੇ

image

ਆਕਲੈਂਡ, 6 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ 'ਚ ਅੱਜ ਕੋਰੋਨਾ ਪੀੜਤਾਂ ਵਿਚ ਤਿੰਨ ਹੋਰ ਦਾ ਵਾਧਾ ਹੋ ਗਿਆ। ਇਹ ਤਿੰਨੇ ਮਾਮਲੇ ਵਿਦੇਸ਼ ਤੋਂ ਪਰਤਿਆਂ ਦੇ ਹਨ ਅਤੇ ਇਸ ਵੇਲੇ ਆਈਸੋਲੇਸ਼ਨ ਵਿਚ ਹਨ। ਨਵੇਂ ਮਾਮਲਿਆਂ ਵਿਚੋਂ 1 ਇੰਗਲੈਂਡ ਅਤੇ 2 ਭਾਰਤ ਤੋਂ ਆਏ ਵਿਅਕਤੀ ਨਾਲ ਸਬੰਧਤ ਹਨ। ਏਅਰ ਇੰਡੀਆ ਦੀ 26 ਸਤੰਬਰ ਦੀ ਉਡਾਣ ਵਿਚੋਂ ਪਹਿਲਾਂ ਵੀ 10 ਪਾਜ਼ੇਟਿਵ ਮਾਮਲੇ ਪਾਏ ਗਏ ਸਨ ਅਤੇ ਅੱਜ ਇਸੇ ਉਡਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।

image

 ਇੰਗਲੈਂਡ ਤੋਂ ਆਇਆ ਵਿਅਕਤੀ ਪਹਿਲਾਂ ਕਤਰ ਗਿਆ ਅਤੇ ਫਿਰ ਆਸਟਰੇਲੀਆ ਦੇ ਰਸਤੇ ਨਿਊਜ਼ੀਲੈਂਡ ਆਇਆ ਸੀ। ਤੀਜਾ ਮਾਮਲਾ 4 ਅਕਤੂਬਰ ਨੂੰ ਭਾਰਤ ਤੋਂ ਇੰਗਲੈਂਡ ਅਤੇ ਕਤਰ ਦੇ ਰਸਤੇ ਨਿਊਜ਼ੀਲੈਂਡ ਆਏ ਵਿਅਕਤੀ ਦਾ ਹੈ। ਇਥੇ ਪਹੁੰਚਣ 'ਤੇ ਉਸ ਦਾ ਟੈਸਟ ਕੀਤਾ ਗਿਆ ਸੀ ਕਿਉਂਕਿ ਉਸ ਉਡਾਣ ਦੌਰਾਨ ਲੱਛਣ ਵਿਕਸਤ ਹੋ ਗਏ ਸਨ। ਨਿਊਜ਼ੀਲੈਂਡ ਵਿਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 43 ਹੈ, ਜਿਸ ਵਿਚ 6 ਕਮਿਊਨਿਟੀ ਅਤੇ 37 ਵਿਦੇਸ਼ ਤੋਂ ਪਰਤਿਆਂ ਦੇ ਹਨ। ਦੇਸ਼ ਵਿਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1858 ਮਾਮਲੇ ਹਨ। ਦੇਸ਼ 'ਚ ਕੋਵਿਡ-19 ਨਾਲ ਮੌਤਾਂ ਦੀ ਗਿਣਤੀ 25 ਹੈ।