'ਸਿੱਖਜ਼ ਫ਼ਾਰ ਬਾਈਡਨ' ਡੈਮੋਕ੍ਰੇਟ ਚੋਣ ਪ੍ਰਚਾਰ ਕਮੇਟੀ ਦਾ ਗਠਨ

ਏਜੰਸੀ

ਖ਼ਬਰਾਂ, ਕੌਮਾਂਤਰੀ

'ਸਿੱਖਜ਼ ਫ਼ਾਰ ਬਾਈਡਨ' ਡੈਮੋਕ੍ਰੇਟ ਚੋਣ ਪ੍ਰਚਾਰ ਕਮੇਟੀ ਦਾ ਗਠਨ

image

ਵਾਸ਼ਿੰਗਟਨ, 6 ਅਕਤੂਬਰ (ਸੁਰਿੰਦਰ ਗਿੱਲ) : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਮੁਹਿੰਮ ਅੱਜ-ਕਲ ਪੂਰੇ ਸਿਖਰਾਂ 'ਤੇ ਹੈ। ਹਰ ਕਮਿਊਨਿਟੀ ਅਪਣਾ-ਅਪਣਾ ਪ੍ਰਭਾਵ ਦਿਖਾ ਰਹੀ ਹੈ। ਜਿਥੇ 'ਸਿਖਜ਼ ਫ਼ਾਰ ਟਰੰਪ' ਦਾ ਆਗ਼ਾਜ਼ ਹੋਇਆ ਸੀ, ਉਸੇ ਤਰਜ਼ 'ਤੇ 'ਸਿਖਜ਼ ਫ਼ਾਰ ਬਾਈਡਨ' ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕਰ ਦਿਤਾ ਗਿਆ ਹੈ। ਮੈਰੀਲੈਂਡ ਦੇ ਬਖ਼ਸੀਸ਼ ਸਿੰਘ ਜੋ ਡੈਮੋਕ੍ਰੇਟਿਕ ਕੋ-ਚੇਅਰ ਦੇ ਅਹੁਦੇਦਾਰ ਹਨ। ਉਨ੍ਹਾਂ ਨੂੰ ਸਿਖਜ਼ ਫ਼ਾਰ ਬਾਈਡਨ ਚੋਣ ਪ੍ਰਚਾਰ ਕਮੇਟੀ ਦਾ ਸਰਬਾ ਨਿਯੁਕਤ ਕੀਤਾ ਹੈ। ਬਖ਼ਸੀਸ਼ ਸਿੰਘ ਨੇ ਕੈਪੀਟਲ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਟਰੰਪ ਇਕ ਝੂਠਾ ਸਿਆਸਤਦਾਨ ਹੈ, ਜੋ ਸਵੇਰੇ ਕੁਝ ਹੋਰ ਕਹਿੰਦਾ ਹੈ, ਦੁਪਿਹਰ ਕੁਝ ਹੋਰ ਕਹਿੰਦਾ ਹੈ ਅਤੇ ਸ਼ਾਮ ਨੂੰ ਮੁਕਰ ਜਾਂਦਾ ਹੈ। ਇਸ ਦੇ ਪ੍ਰਸ਼ਾਸਨ ਸਮੇਂ ਅਪਰਾਧ ਵਧਿਆ ਹੈ।

image

ਉਨ੍ਹਾਂ ਕਿਹਾ ਕਿ ਬੀ-2 ਵੀਜ਼ਾ ਜੋ ਭਾਰਤੀਆਂ ਲਈ ਇਕ ਵਰਦਾਨ ਸੀ, ਉਸ ਨੂੰ ਖ਼ਤਮ ਕਰਨਾ ਅਤੇ ਇਸ ਰਾਹੀਂ ਆਏ ਆਈ. ਟੀ. ਖੇਤਰ ਦੇ ਵਿਅਕਤੀਆਂ ਦੇ ਭਵਿਖ ਨਾਲ ਖਿਲਵਾੜ ਕਰ ਕੇ ਭਾਰਤੀਆਂ ਨੂੰ ਨਾਰਾਜ਼ ਕਰ ਲਿਆ ਹੈ। ਇਸ ਦਾ ਕੋਰੋਨਾ ਡਰਾਮਾ ਪੂਰੇ ਸੰਸਾਰ ਵਿਚ ਉਜਾਗਰ ਹੋ ਚੁਕਾ ਹੈ। ਇਸ ਨੇ ਹਮਾਇਤੀ ਵੋਟ ਲੈਣ ਲਈ ਇਹ ਡਰਾਮਾ ਕੀਤਾ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਅਮਰੀਕਾ ਨੂੰ ਬਚਾਉਣ ਦਾ ਇਕੋ-ਇਕ ਵਿਕਲਪ ਹੈ, ਬਾਈਡਨ-ਹੈਰਿਸ ਦੀ ਜੋੜੀ ਨੂੰ ਵ੍ਹਾਈਟ ਹਾਊਸ ਵਿਚ ਲਿਆਉਣਾ। ਜਿਸ ਲਈ ਮੈਟਰੋਪੁਲਿਟਨ ਦੇ ਸਿੱਖਾਂ ਨੇ ਕਮਰਕਸੇ ਕਰ ਲਏ ਹਨ, ਜਿਨ੍ਹਾਂ ਵਿਚ ਬਖਸੀਸ ਸਿੰਘ ਨੇ ਦਸਿਆ ਕਿ ਉਨ੍ਹਾਂ ਨਾਲ ਡਾ. ਕੁਲਵੰਤ ਸਿੰਘ ਮੋਦੀ, ਚਤਰ ਸਿੰਘ, ਸੁਰਜੀਤ ਕੌਰ, ਅਵਤਾਰ ਸਿੰਘ ਕਾਹਲੋਂ, ਮਨਸਿਮਰਨ ਕਾਹਲੋਂ, ਅਮਰ ਸਿੰਘ ਮੱਲ੍ਹੀ, ਰਘਬੀਰ ਸਿੰਘ ਬਤੌਰ ਕੈਂਪੇਨ ਅਪਣੀਆਂ ਡਿਊਟੀਆਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਮੈਰੀਲੈਂਡ ਡੈਮੋਕਰੇਟਰਾਂ ਦਾ ਗੜ੍ਹ ਹੈ, ਜਿਥੇ ਹਰ ਵਿਅਕਤੀ ਬਾਈਡਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਵਿਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਅਸੀਂ ਚੋਣ ਮੁਹਿੰਮ ਦੀ ਹਨੇਰੀ ਲਿਆ ਦਿਆਂਗੇ।