ਕ੍ਰਿਕਟ ਪ੍ਰਸ਼ੰਸਕ ‘ਚਾਚਾ ਕ੍ਰਿਕਟ’ ਨੂੰ ਨਹੀਂ ਮਿਲਿਆ ਭਾਰਤ ਦਾ ਵੀਜ਼ਾ; ਇੰਗਲੈਂਡ ਵਿਚ ਵਿਸ਼ਵ ਕੱਪ ਦੇਖਣ ਲਈ ਵੇਚ ਦਿਤਾ ਸੀ ਘਰ
ਕਿਹਾ, ਜੇਕਰ ਮੈਨੂੰ ਵੀਜ਼ਾ ਨਹੀਂ ਮਿਲਿਆ ਤਾਂ ਮੈਂ ਘਰ ਬੈਠੇ ਟੀਵੀ 'ਤੇ ਮੈਚ ਦੇਖਾਂਗਾ
ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਪ੍ਰਸ਼ੰਸਕ ਦੁਨੀਆਂ ਦੇ ਹਰ ਕੋਨੇ 'ਚ ਪਾਏ ਜਾਂਦੇ ਹਨ ਪਰ 'ਚਾਚਾ ਕ੍ਰਿਕਟ' ਵਰਗਾ ਅਨੋਖਾ ਪ੍ਰਸ਼ੰਸਕ ਤੁਸੀਂ ਸ਼ਾਇਦ ਹੀ ਦੇਖਿਆ ਹੋਵੇਗਾ। 70 ਸਾਲ ਦੀ ਉਮਰ ਪੂਰੀ ਕਰ ਚੁੱਕੇ ਚੌਧਰੀ ਅਬਦੁਲ ਜਲੀਲ ਪਾਕਿਸਤਾਨ ਕ੍ਰਿਕਟ ਟੀਮ ਦਾ ਸਮਰਥਨ ਕਰਨ ਲਈ ਦੁਨੀਆਂ ਦੇ ਹਰ ਕੋਨੇ 'ਚ ਪਹੁੰਚਦੇ ਹਨ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੀਆਂ ਤਿੰਨ ਪੀੜ੍ਹੀਆਂ ਨੂੰ ਖੇਡਦਿਆਂ ਦੇਖਿਆ ਹੈ। ਚਾਚਾ ਕ੍ਰਿਕਟ ਸਟੇਡੀਅਮ ਵਿਚ 500 ਤੋਂ ਵੱਧ ਅੰਤਰਰਾਸ਼ਟਰੀ ਮੈਚ ਦੇਖੇ ਜਾਣ ਦਾ ਦਾਅਵਾ ਕਰਦੇ ਹਨ। ਹੁਣ ਜਦੋਂ ਭਾਰਤ ਇਸ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਤਾਂ ਚਾਚਾ ਕ੍ਰਿਕਟ ਸੁਰਖੀਆਂ ਵਿਚ ਹਨ। ਦਰਅਸਲ ਉਨ੍ਹਾਂ ਨੂੰ ਅਜੇ ਤਕ ਭਾਰਤ ਦਾ ਵੀਜ਼ਾ ਨਹੀਂ ਮਿਲਿਆ ਹੈ।
'ਚਾਚਾ ਕ੍ਰਿਕਟ' ਦੇ ਨਾਂਅ ਨਾਲ ਮਸ਼ਹੂਰ ਚੌਧਰੀ ਅਬਦੁਲ ਜਲੀਲ ਕਹਿੰਦੇ ਹਨ ਕਿ ਉਨ੍ਹਾਂ ਦਾ ਜਨਮ 8 ਅਕਤੂਬਰ 1949 ਨੂੰ ਸਿਆਲਕੋਟ 'ਚ ਹੋਇਆ ਸੀ। ਉਨ੍ਹਾਂ ਨੇ ਦਸਵੀਂ ਤਕ ਪੜ੍ਹਾਈ ਕੀਤੀ ਪਰ ਉਸ ਤੋਂ ਬਾਅਦ ਹਾਲਾਤਾਂ ਕਾਰਨ ਪੜ੍ਹਾਈ ਛੱਡਣੀ ਪਈ। ਕ੍ਰਿਕਟ ਵਰਲਡ ਕੱਪ ਦੇਖਣ ਲਈ ਭਾਰਤ ਆਉਣ ਦੇ ਸਵਾਲ 'ਤੇ ਇਸ ਬਜ਼ੁਰਗ ਕ੍ਰਿਕਟ ਪ੍ਰਸ਼ੰਸਕ ਦਾ ਕਹਿਣਾ ਹੈ ਕਿ 10 ਦਿਨ ਪਹਿਲਾਂ ਮੈਂ ਅਮਰੀਕਾ 'ਚ ਸੀ। ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਪ੍ਰੋਗਰਾਮ ਸੀ। ਮੈਨੂੰ ਵੀ ਬੁਲਾਇਆ ਗਿਆ ਸੀ। ਇਸ ਪ੍ਰੋਗਰਾਮ ਤੋਂ ਬਾਅਦ ਮੈਨੂੰ ਆਸ ਸੀ ਕਿ ਇਸ ਵਾਰ ਮੈਨੂੰ ਵੀ ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਉਥੇ ਜਾਣ ਦਾ ਮੌਕਾ ਮਿਲੇਗਾ। ਪਾਕਿਸਤਾਨ ਕ੍ਰਿਕਟ ਬੋਰਡ ਅਤੇ ਬੀ.ਸੀ.ਸੀ.ਆਈ. ਨੂੰ ਅਪੀਲ ਵੀ ਕੀਤੀ। ਹਾਲਾਂਕਿ ਅਜੇ ਤਕ ਭਾਰਤੀ ਵੀਜ਼ਾ ਨਹੀਂ ਮਿਲਿਆ ਹੈ। ਹੋ ਸਕਦਾ ਹੈ ਕਿ ਸਾਨੂੰ ਇਕ-ਦੋ ਦਿਨਾਂ ਵਿਚ ਚੰਗੀ ਖ਼ਬਰ ਮਿਲ ਜਾਵੇ।
ਜਲੀਲ ਪਹਿਲੀ ਵਾਰ 2005 'ਚ ਮੈਚ ਦੇਖਣ ਲਈ ਭਾਰਤ ਆਏ ਸਨ। ਉਹ ਕਹਿੰਦੇ ਹਨ ਕਿ ਮੈਂ ਭਾਰਤ ਸਮੇਤ ਕਈ ਦੇਸ਼ਾਂ ਵਿਚ ਗਿਆ ਹਾਂ। ਇਸ ਵਾਰ ਵੀਜ਼ਾ ਸਬੰਧੀ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜੇਕਰ ਮੈਨੂੰ ਭਾਰਤ ਆ ਕੇ ਮੈਚ ਦੇਖਣ ਦਾ ਮੌਕਾ ਮਿਲਿਆ ਤਾਂ ਮੈਂ ਅਹਿਮਦਾਬਾਦ ਵਿਚ ਭਾਰਤ-ਪਾਕਿਸਤਾਨ ਮੈਚ ਨਾਲ ਸ਼ੁਰੂਆਤ ਕਰਾਂਗਾ। ਜੇਕਰ ਮੈਨੂੰ ਵੀਜ਼ਾ ਨਹੀਂ ਮਿਲਿਆ ਤਾਂ ਮੈਂ ਘਰ ਬੈਠੇ ਟੀਵੀ 'ਤੇ ਮੈਚ ਦੇਖਾਂਗਾ। ਜੇਕਰ ਪਾਕਿਸਤਾਨ ਦੀ ਟੀਮ ਇਸ ਵਾਰ ਬਾਹਰ ਹੁੰਦੀ ਹੈ ਤਾਂ ਮੈਂ ਭਾਰਤੀ ਟੀਮ ਦਾ ਸਮਰਥਨ ਕਰਾਂਗਾ। ਚੌਧਰੀ ਅਬਦੁਲ ਜਲੀਲ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੇ ਪਹਿਲੀ ਵਾਰ 19 ਸਾਲ ਦੀ ਉਮਰ ਵਿਚ 1969 ਵਿਚ ਲਾਹੌਰ ਸਟੇਡੀਅਮ ਵਿਚ ਇਕ ਅੰਤਰਰਾਸ਼ਟਰੀ ਮੈਚ ਦੇਖਿਆ ਸੀ।
ਉਨ੍ਹਾਂ ਕਿਹਾ, “ਦੁਨੀਆ ਮੈਨੂੰ ਚਾਚਾ ਕ੍ਰਿਕਟ ਦੇ ਨਾਂਅ ਨਾਲ ਜਾਣਦੀ ਸੀ ਪਰ ਮੈਂ ਪਾਕਿਸਤਾਨ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਜਦੋਂ 1998 ਵਿਚ ਪਾਕਿਸਤਾਨ ਕ੍ਰਿਕਟ ਟੀਮ ਨਾਲ ਘਰ ਪਰਤਿਆ ਤਾਂ ਵਕਾਰ ਅਹਿਮਦ ਪੀਸੀਬੀ ਦਾ ਨਵਾਂ ਮੁਖੀ ਬਣਿਆ। ਉਨ੍ਹਾਂ ਨੇ ਮੈਨੂੰ ਇੰਗਲੈਂਡ ਵਿਚ 1999 ਦੇ ਵਿਸ਼ਵ ਕੱਪ ਲਈ ਟੀਮ ਨਾਲ ਨਹੀਂ ਜਾਣ ਦਿਤਾ। ਮੈਂ ਦੁਨੀਆ ਭਰ ਦੇ ਸਟੇਡੀਅਮਾਂ ਵਿਚ ਖਿੱਚੀਆਂ ਆਪਣੀਆਂ ਤਸਵੀਰਾਂ ਇੰਗਲੈਂਡ ਅੰਬੈਸੀ ਵਿਚ ਲੈ ਗਿਆ। ਇਥੇ ਇਕ ਅਧਿਕਾਰੀ ਨੇ ਵੀਜ਼ਾ ਮਨਜ਼ੂਰ ਕਰ ਲਿਆ। ਵੀਜ਼ਾ ਤਾਂ ਮਿਲ ਗਿਆ, ਪਰ ਇੰਗਲੈਂਡ ਜਾਣ ਲਈ ਪੈਸੇ ਨਹੀਂ ਸਨ। ਮੈਂ ਸਿਆਲਕੋਟ ਵਿਚ ਅਪਣਾ ਘਰ 15 ਲੱਖ ਪਾਕਿਸਤਾਨੀ ਰੁਪਏ ਵਿਚ ਵੇਚ ਦਿਤਾ। ਅੱਜ ਇਸ ਦੀ ਕੀਮਤ 7 ਕਰੋੜ ਰੁਪਏ ਹੈ। 1997 ਵਿਚ ਸਾਡੇ ਦੇਸ਼ ਨੇ ਅਜ਼ਾਦੀ ਦੇ 50 ਸਾਲ ਪੂਰੇ ਕੀਤੇ। ਉਦੋਂ ਤੋਂ ਮੈਂ ਪਾਕਿਸਤਾਨੀ ਝੰਡੇ ਦੇ ਰੰਗਾਂ ਦੇ ਕੱਪੜੇ ਪਹਿਨ ਕੇ ਰੱਖਦਾ ਹਾਂ”।