US ’ਚ ਸਵਰਨਜੀਤ ਸਿੰਘ ਖ਼ਾਲਸਾ ਕਨੈਕਟੀਕਟ ਸੂਬੇ ਦੇ ਪਹਿਲੇ ਸਿੱਖ ਮੇਅਰ ਬਣੇ
ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਸਵਰਨਜੀਤ ਸਿੰਘ ਖ਼ਾਲਸਾ
ਜਲੰਧਰ : ਅਮਰੀਕਾ ਦੇ ਕਨੈਕਟੀਕਟ ਰਾਜ ਵਿਚ ਹੋਈਆਂ ਮਿਊਂਸੀਪਲ ਚੋਣਾਂ ਵਿਚ ਸਵਰਨਜੀਤ ਸਿੰਘ ਖਾਲਸਾ ਨੇ ਜਿੱਤ ਦਰਜ ਕਰਕੇ ਪੰਜਾਬ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉਨ੍ਹਾਂ ਨਵੇਂ ਬ੍ਰਿਟੇਨ, ਨੌਰਵਿਚ, ਬੈਨਫੋਰਡ ਤੇ ਵੈਸਟਪੋਰਟ ਵਰਗੀਆਂ ਥਾਵਾਂ ਉੱਤੇ ਡੈਮੋਕਰੈਟਾਂ ਦੀ ਜਿੱਤ ਦਾ ਝੰਡਾ ਝੁਲਾ ਦਿੱਤਾ। ਪਰ ਸਿੱਖਾਂ ਲਈ ਸਭ ਤੋਂ ਵੱਡੀ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਕਨੈਕਟੀਕਟ ਸੂਬੇ ਵਿਚ ਪਹਿਲੇ ਸਿੱਖ ਮੇਅਰ ਬਣੇ। ਪੰਥਕ ਆਗੂ ਗੁਰਪੁਰਵਾਸੀ ਜਥੇਦਾਰ ਇੰਦਰਪਾਲ ਸਿੰਘ ਦੇ ਪੋਤਰੇ, ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਦੇ ਹੋਣਹਾਰ ਬੇਟੇ ਸਵਰਨਜੀਤ ਸਿੰਘ ਖਾਲਸਾ ਦਾ ਜਨਮ ਅਤੇ ਉਹਨਾਂ ਦਾ ਸਫ਼ਰ ਇਕ ਲੋਕ ਗੀਤ ਵਾਂਗ ਏ ਜੋ ਗੁਜਰਾਤੀਆਂ, ਗੋਰਿਆਂ, ਚੀਨੀਆਂ, ਪੰਜਾਬੀਆਂ ਵਿਚ ਗੂੰਜਿਆ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਿਚ ਉਨ੍ਹਾਂ ਦਾ ਪਰਿਵਾਰ ਉਜੜ ਗਿਆ ਸੀ। ਪੰਜਾਬ ’ਚ ਪਰਿਵਾਰ ਨੇ ਮੁੜ ਆਪਣੇ ਪੈਰ ਬੰਨ੍ਹੇ ਤੇ ਅੰਤ ਵਿਚ ਇਸ ਪਰਿਵਾਰ ਦਾ ਚਿਰਾਗ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਖੁੱਲ੍ਹੇ ਅਸਮਾਨ ਹੇਠ ਰੌਸ਼ਨ ਹੋਇਆ। ਸਵਰਨਜੀਤ ਸਿੰਘ ਖਾਲਸਾ 2007 ਵਿਚ ਨੌਰਵਿਚ ਪਹੁੰਚਿਆ। ਉਥੇ ਗੈਸ ਸਟੇਸ਼ਨ ਚਲਾਇਆ, ਰੀਅਲ ਅਸਟੇਟ ਵਿਚ ਨਾਮ ਕਮਾਇਆ।
2021 ਵਿਚ ਉਹ ਨੌਰਵਿਚ ਸਿਟੀ ਕੌਂਸਲ ਵਿਚ ਚੁਣੇ ਗਏ। ਕਨੈਕਟੀਕਟ ਵਿਚ ਪਹਿਲੇ ਸਿੱਖ। ਹੁਣ 2025 ਵਿਚ, ਰਿਪਬਲੀਕਨ ਪੀਟਰ ਨਾਈਸਟੌਮ ਦੀ ਜਗ੍ਹਾ ਲੈ ਕੇ ਉਹ ਮੇਅਰ ਬਣੇ। ਚੋਣਾਂ ਵਿਚ ਡੈਮੋਕਰੈਟ ਸਵਰਨਜੀਤ ਨੇ 2458 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਰਿਪਬਲੀਕਨ ਟਰੇਸੀ ਗੋਲਡ ਨੂੰ 2250 ਅਤੇ ਅਣਗਿਣਤੀ ਮਾਰਸ਼ੀਆ ਵਿਲਬਰ ਨੂੰ ਸਿਰਫ਼ 110 ਵੋਟ ਪਏ। ਨੌਰਵਿਚ ਇੱਕ ਅਜਿਹਾ ਨਗਰ ਏ ਜਿੱਥੇ ਡੈਮੋਕਰੈਟਸ ਦੀ ਗਿਣਤੀ ਰਿਪਬਲੀਕਨਾਂ ਤੋਂ ਦੁੱਗਣੀ ਏ 2:1 ਦਾ ਅੰਕੜਾ। ਪਰ ਪਿਛਲੇ ਸਾਲਾਂ ਵਿਚ ਰਿਪਬਲੀਕਨ ਨਾਈਸਟੌਮ ਨੇ ਇਸ ਨਗਰ ਨੂੰ ਆਪਣੇ ਹੱਥਾਂ ਵਿਚ ਰੱਖਿਆ ਸੀ। ਇਸ ਵਾਰ ਖੁੱਲ੍ਹੀ ਸੀਟ, ਮਜ਼ਬੂਤ ਵੋਟਰ ਟਰਨਆਊਟ ਤੇ ਡੈਮੋਕਰੈਟਿਕ ਪਾਰਟੀ ਦਾ ਸਮਰਥਨ ਇਹ ਸਭ ਸਵਰਨਜੀਤ ਸਿੰਘ ਦੇ ਹੱਕ ਵਿਚ ਭੁਗਤਿਆ। ਅੰਮ੍ਰਿਤਧਾਰੀ ਸਵਰਨਜੀਤ ਸਿੰਘ ਖਾਲਸਾ ਦੀ ਇਹ ਜਿੱਤ ਸਿੱਖੀ ਨੂੰ ਅਮਰੀਕੀ ਡੈਮੋਕਰੇਸੀ ਦੇ ਮੰਚ ਉੱਤੇ ਇੱਕ ਨਵੀਂ ਪਹਿਚਾਣ ਦੇਵੇਗੀ। ਸਵਰਨਜੀਤ ਨੇ ਨਾ ਸਿਰਫ਼ ਆਪਣਾ ਨਾਮ ਰੌਸ਼ਨ ਕੀਤਾ, ਸਗੋਂ ਸਾਰੇ ਸਿੱਖ ਪੰਥ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਕਿ ਸਰਬਤ ਦੇ ਭਲੇ ਦੇ ਸ਼ਸ਼ਤਰ ਰਾਹੀਂ ਸਿੱਖ ਸੰਸਾਰ ਦੀ ਅਗਵਾਈ ਕਰ ਸਕਦਾ ਹੈ।