ਟਰੰਪ ਨੂੰ ਜ਼ਬਰਦਸਤ ਝਟਕਾ- ਭਾਰਤੀ ਮੂਲ ਦੇ ਤਿੰਨ ਆਗੂਆਂ ਨੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਮੇਅਰ ਬਣੇ, ਗਜ਼ਾਲਾ ਹਾਸ਼ਮੀ ਨੇ ਜਿੱਤੀ ਵਰਜੀਨੀਆ ਦੇ ਲੈਫ਼ਟੀਨੈਂਟ ਗਵਰਨਰ ਦੀ ਚੋਣ

photo

ਨਿਊਯਾਰਕ, 5 ਨਵੰਬਰ : ਅਮਰੀਕਾ ਵਿਚ ਵੋਟਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿਤਾ ਹੈ, ਭਾਵੇਂ ਟਰੰਪ ਖ਼ੁਦ ਚੋਣ ਨਹੀਂ ਲੜ ਰਹੇ ਸਨ। ਦੇਸ਼ ਭਰ ਦੇ ਵੱਡੇ ਅਹੁਦਿਆਂ ਦੀਆਂ ਚੋਣਾਂ ’ਚ, ਡੈਮੋਕਰੇਟਸ ਨੇ ਰਾਸ਼ਟਰਪਤੀ ਦੀ ਪਾਰਟੀ ਰਿਪਬਲਿਕਨ ਨੂੰ ਹਰਾਇਆ ਹੈ। ਡੈਮੋਕਰੇਟਸ ਨੇ ਗੈਰ-ਮਕਬੂਲ ਰਾਸ਼ਟਰਪਤੀ ਨੂੰ ਅਪਣੀ ਮੁਹਿੰਮ ਦਾ ਕੇਂਦਰ ਬਿੰਦੂ ਬਣਾਇਆ, ਅਤੇ ਇਸ ਦਾ ਫਾਇਦਾ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ ਭਾਰਤੀ ਮੂਲ ਦੇ ਤਿੰਨ ਆਗੂਆਂ ਨੇ ਚੋਣਾਂ ਜਿੱਤ ਕੇ ਇਤਿਹਾਸ ਰਚ ਦਿਤਾ ਹੈ। ਭਾਰਤੀ ਮੂਲ ਦੇ ਡੈਮੋਕਰੈਟ ਪਾਰਟੀ ਦੇ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਅਮਰੀਕੀ 
ਸ਼ਹਿਰ ਨਿਊ ਯਾਰਕ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੂੰ 50.4 ਫੀਸਦ ਵੋਟਾਂ ਮਿਲੀਆਂ ਹਨ।

ਮਮਦਾਨੀ ਨੂੰ 10 ਲੱਖ ਤੋਂ ਜ਼ਿਆਦਾ ਵੋਟ ਮਿਲੇ, ਜੋ 1969 ਤੋਂ ਬਾਅਦ ਕਿਸੇ ਵੀ ਨਿਊਯਾਰਕ ਮੇਅਰ ਉਮੀਦਵਾਰ ਨੂੰ ਨਹੀਂ ਮਿਲੇ ਸਨ। ਇਸ ਚੋਣ ਵਿਚ 20 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੋਟ ਪਾਈ ਜੋ ਪਿਛਲੀਆਂ ਚੋਣਾਂ ਦੇ ਮੁਕਾਬਲੇ ਦੁਗਣੇ ਹਨ। ਦੂਜੇ ਨੰਬਰ ’ਤੇ ਨਿਊਯਾਰਕ ਦੇ ਸਾਬਕਾ ਗਵਰਨਰ ਅਤੇ ਆਜ਼ਾਦ ਉਮੀਦਵਾਰ ਐੰਡਰਿਊ ਕੁਓਮੋ ਰਹੇ। ਉਨ੍ਹਾਂ ਨੂੰ ਕਰੀਬ 8.5 ਲੱਖ ਵੋਟਾਂ ਮਿਲੀਆਂ। ਰਿਪਬਲੀਕਨ ਪਾਰਟੀ ਦੇ ਕਰਟਿਸ ਸਿਲਵਾ ਨੂੰ 1.45 ਲੱਖ ਵੋਟਾਂ ਮਿਲੀਆਂ। ਮਮਦਾਨੀ ਦਾ ਜਨਮ ਅਤੇ ਪਾਲਣ-ਪੋਸ਼ਣ ਕੰਪਾਲਾ, ਯੂਗਾਂਡਾ ਵਿਚ ਹੋਇਆ ਸੀ ਅਤੇ ਜਦੋਂ ਉਹ 7 ਸਾਲਾਂ ਦਾ ਸੀ ਤਾਂ ਅਪਣੇ ਪਰਵਾਰ ਨਾਲ ਨਿਊਯਾਰਕ ਸਿਟੀ ਚਲੇ ਗਏ ਸਨ। ਉਹ ਹਾਲ ਹੀ ’ਚ, 2018 ਵਿਚ ਇਕ ਅਮਰੀਕੀ ਨਾਗਰਿਕ ਬਣੇ ਸਨ।

ਮਮਦਾਨੀ ਮਸ਼ਹੂਰ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦਾ ਪੁੱਤਰ ਹੈ। ਉਹ ਪਿਛਲੇ 100 ਵਰਿ੍ਹਆਂ ਵਿਚ ਨਿਊਯਾਰਕ ਦੇ ਸਭ ਤੋਂ ਨੌਜਵਾਨ, ਪਹਿਲੇ ਭਾਰਤੀ ਅਤੇ ਪਹਿਲੇ ਮੁਸਲਿਮ ਮੇਅਰ ਹੋਣਗੇ। ਜਿੱਤ ਤੋਂ ਬਾਅਦ ਮਮਦਾਨੀ ਨੇ ਨਿਊਯਾਰਕ ਦੀ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਟਰੰਪ ਨੂੰ ਚਿਤਾਵਨੀ ਦਿਤੀ, ‘‘ ਜਿਸ ਸ਼ਹਿਰ (ਨਿਊਯਾਰਕ) ਨੇ ਟਰੰਪ ਨੂੰ ਪੈਦਾ ਕੀਤਾ, ਉਹ ਹੁਣ ਦੇਸ਼ ਨੂੰ ਦਿਖਾਏਗਾ ਕਿ ਉਨ੍ਹਾਂ ਨੂੰ ਕਿਵੇਂ ਹਰਾਇਆ ਜਾਂਦਾ ਹੈ। ਵਰਜੀਨੀਆ ’ਚ, ਡੈਮੋਕਰੇਟ ਅਬੀਗੈਲ ਸਪੈਨਬਰਗਰ ਨੇ ਰਿਪਬਲਿਕਨ ਵਿਨਸਮ ਅਰਲ-ਸੀਅਰਜ਼ ਉੱਤੇ ਆਰਾਮ ਨਾਲ ਜਿੱਤ ਪ੍ਰਾਪਤ ਕੀਤੀ। ਉਹ ਸੂਬੇ ਦੀ ਪਹਿਲੀ ਮਹਿਲਾ ਗਵਰਨਰ ਬਣੇ। ਇਸ ਦੌਰਾਨ, ਨਿਊਜਰਸੀ ’ਚ, ਡੈਮੋਕਰੇਟ ਮਿਕੀ ਸ਼ੈਰਿਲ ਨੇ ਗਵਰਨਰ ਦੀ ਦੌੜ ਵਿਚ ਰਿਪਬਲਿਕਨ ਜੈਕ ਸਿਆਟਾਰੇਲੀ ਨੂੰ ਹਰਾਇਆ।    

 ਗਜ਼ਾਲਾ ਹਾਸ਼ਮੀ ਨੇ ਜਿੱਤੀ ਵਰਜੀਨੀਆ ਦੇ ਲੈਫ਼ਟੀਨੈਂਟ ਗਵਰਨਰ ਦੀ ਚੋਣ
ਨਿਊਯਾਰਕ, 5 ਨਵੰਬਰ : ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ ਨੂੰ ਵਰਜੀਨੀਆ ਦੀ ਲੈਫ਼ਟੀਨੈਂਟ ਗਵਰਨਰ ਚੁਣਿਆ ਗਿਆ ਹੈ। ਉਹ ਰਾਜ ਵਿਚ ਇਸ ਉੱਚ ਰਾਜਨੀਤਕ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਮੁਸਲਿਮ ਅਤੇ ਦੱਖਣੀ ਏਸ਼ੀਆਈ ਅਮਰੀਕੀ ਬਣ ਗਈ ਹੈ। ਡੈਮੋਕ੍ਰੇਟਿਕ 
ਪਾਰਟੀ ਦੀ ਉਮੀਦਵਾਰ ਹਾਸ਼ਮੀ (61), ਨੂੰ 1,465,634 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਜੌਨ ਰੀਡ ਨੂੰ 1,232,242 ਵੋਟਾਂ ਮਿਲੀਆਂ। ਕਮਿਊਨਿਟੀ ਸੰਗਠਨ, ਇੰਡੀਅਨ ਅਮਰੀਕਨ ਇਮਪੈਕਟ ਫ਼ੰਡ ਨੇ ਵਰਜੀਨੀਆ ਦੇ ਲੈਫ਼ਟੀਨੈਂਟ ਗਵਰਨਰ ਚੋਣ ਵਿੱਚ ਹਾਸ਼ਮੀ ਨੂੰ ਉਸ ਦੀ ਇਤਿਹਾਸਕ ਜਿੱਤ ’ਤੇ ਵਧਾਈ ਦਿਤੀ। 

ਸਿਨਸਿਨਾਟੀ ਵਿਚ ਭਾਰਤੀ ਮੂਲ ਦੇ ਪੁਰੇਵਾਲ ਨੇ ਜਿੱਤੀ ਮੇਅਰ ਦੀ ਚੋਣ
ਨਿਊਯਾਰਕ, 5 ਨਵੰਬਰ : ਅਮਰੀਕੀ ਸੂਬੇ ਓਹੀਓ ਦੇ ਸਿਨਸਿਨਾਟੀ ਵਿਚ ਭਾਰਤੀ ਮੂਲ ਦੇ ਆਫ਼ਤਾਬ ਪੁਰੇਵਾਲ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਦੇ ਮਤਰਏ ਭਰਾ ਕੋਰੀ ਬੋਮੈਨ ਨੂੰ ਹਰਾ ਕੇ ਦੂਜੀ ਵਾਰ ਮੇਅਰ ਦੀ ਚੋਣ ਵਿਚ ਜਿੱਤ ਪ੍ਰਾਪਤ ਕੀਤੀ ਹੈ। ਫੌਕਸ ਨਿਊਜ਼ ਦੀ ਰੀਪੋਰਟ ਅਨੁਸਾਰ ਪੁਰੇਵਾਲ ਦੀ ਮੰਗਲਵਾਰ ਦੀ ਜਿੱਤ ਨੇ ਸਿਨਸਿਨਾਟੀ ਦੀ ਸਥਾਨਕ ਸਰਕਾਰ ਉਤੇ ਡੈਮੋਕ੍ਰੇਟਸ ਦੇ ਕੰਟਰੋਲ ਨੂੰ ਮਜ਼ਬੂਤ ਕੀਤਾ ਹੈ ਅਤੇ ਓਹੀਓ ਦੀ ਸਿਆਸਤ ਵਿਚ ਪੁਰੇਵਾਲ ਦੇ ਕੱਦ ਨੂੰ ਹੋਰ ਵਧਾ ਦਿਤਾ ਹੈ। ਪੁਰੇਵਾਲ ਦੀ ਤਿੱਬਤੀ ਮਾਂ ਬਚਪਨ ਵਿਚ ਕਮਿਊਨਿਸਟ ਚੀਨੀ ਕਬਜ਼ੇ ਤੋਂ ਭੱਜ ਗਈ ਸੀ ਅਤੇ ਇਕ ਦਖਣੀ ਭਾਰਤੀ ਸ਼ਰਨਾਰਥੀ ਕੈਂਪ ਵਿਚ ਵੱਡੀ ਹੋਈ। ਜਦਕਿ ਉਸ ਦਾ ਪਿਤਾ ਇਕ ਪੰਜਾਬੀ ਹੈ।