ਇਟਲੀ ਨੇ ਨਸ਼ੇ ਵਿਰੋਧੀ ਮੁਹਿੰਮ ਦੌਰਾਨ 6 ਦੇਸ਼ਾਂ ਤੋਂ 80 ਮਾਫੀਆ ਕੀਤੇ ਗ੍ਰਿਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਟਾਲੀਅਨ ਵਕੀਲ ਫੈਡਰਿਕੋ ਕੇਫਿਅਰੋ ਡੀ ਰਾਹੋ ਦਾ ਕਹਿਣਾ ਹੈ ਕਿ ਇਸ ਮੁਹਿੰਮ ਵਿਚ ਦੁਨੀਆ ਭਰ ਵਿਚ ਡਰਾਂਗਘੇਟਾ ਦੀ ਡਰੱਗ ਤਸਕਰੀ ਮੁਹਿੰਮ 'ਤੇ ਅਸਰ ਪਵੇਗਾ। 

Italy police

ਇਟਲੀ , ( ਭਾਸ਼ਾ ) : ਯੂਰਪੀਅਨ ਜਸਟਿਸ ਯੁਰੋਜਸਟ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ 6 ਦੇਸ਼ਾਂ ਵਿਚ ਕੀਤੀ ਗਈ ਛਾਪੇਮਾਰੀ ਤੋਂ ਬਾਅਦ 80 ਤੋਂ ਜਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਚ ਕਈ ਸੰਗਠਤ ਅਪਰਾਧ ਕਰਨ ਵਾਲਿਆਂ ਦੇ ਉੱਚ ਮੈਂਬਰਾਂ ਸਮੇਤ ਡਰੱਗ ਤਸਕਰੀ ਅਤੇ ਮਨੀ ਲਾਡਰਿੰਗ ਦੇ ਦੋਸ਼ੀ ਵੀ ਹਨ।  ਦੱਖਣੀ ਇਟਲੀ ਦੇ ਕਲਾਬੇਰੀਆ ਆਧਾਰਿਤ ਇਸ ਸਮੂਹ ਨੂੰ ਅਜਿਹੇ ਸਮੇਂ ਤਬਾਹ ਕੀਤਾ ਗਿਆ ਹੈ ਜਦ ਇਟਲੀ ਪੁਲਿਸ ਨੇ ਸਿਸਲੀਅਨ ਮਾਫੀਆ ਦੇ ਨਵੇਂ ਸਰਗਨਾ ਨੂੰ ਗ੍ਰਿਫਤਾਰ ਕਰ ਲਿਆ ਸੀ।

ਛਾਪੇਮਾਰੀ ਵਿਚ ਸ਼ਾਮਲ ਹਜ਼ਾਰਾਂ ਪੁਲਿਸ ਵਾਲਿਆਂ ਵੱਲੋਂ ਚਾਰ ਟਨ ਕੋਕੀਨ, 120 ਕਿਲੋ ਡਰੱਗ ਅਤੇ ਜਰਮਨੀ, ਇਟਲੀ, ਨੀਦਰਲੈਂਡ, ਬੇਲਜੀਅਮ, ਲਕਸਮਬਰਗ ਅਤੇ ਸੂਰੀਨਾਮ ਤੋਂ ਮਿਲੇ ਦੋ ਮਿਲੀਅਨ ਯੂਰੋ ਕੈਸ਼ ਨੂੰ ਬਰਾਮਦ ਕੀਤਾ ਗਿਆ। ਯੂਰਪੀਅਨ ਯੂਨੀਅਨ ਦੇ ਉਪ ਮੁਖੀ ਫਿਲਿਪੋ ਸਪੀਜਿਆ ਨੇ ਕਿਹਾ ਕਿ ਅਸੀਂ ਯੂਰਪ ਵਿਚ ਸੰਗਠਤ ਅਪਰਾਧ ਕਰਨ ਵਾਲਿਆਂ ਨੂੰ ਇਕ ਸਪੱਸ਼ਟ ਸੰਦੇਸ਼ ਭੇਜਣਾ ਚਾਹੁੰਦੇ ਹਾਂ ਕਿ ਸਿਰਫ ਉਹ ਹੀ ਸਰਹੱਦ ਪਾਰ ਕਰਨ ਵਿਚ ਸਮਰਥ ਨਹੀਂ ਹਨ ਸਗੋਂ ਯੂਰਪ ਦੀ ਨਿਆਂਪਾਲਿਕਾ ਅਤੇ ਕਾਨੂੰਨ ਲਾਗੂ ਕਰਨ ਵਾਲਾ ਭਾਈਚਾਰਾ ਵੀ ਇਹ ਕੰਮ ਕਰ ਸਕਦਾ ਹੈ।

ਫਿਲਿਪੋ ਨੇ ਕਿਹਾ ਕਿ ਇਹ ਸ਼ਾਨਦਾਰ ਅਤੇ ਵਿਲੱਖਣ ਨਤੀਜਾ ਦੋ ਸਾਲ ਦੀ ਮੁਹਿੰਮ ਦਾ ਨਤੀਜਾ ਹੈ। ਜਿਸ ਵਿਚ ਡਰਾਂਗਘੇਟਾ ਪਰਵਾਰ ਦੇ ਖ਼ਤਰਨਾਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਡਰੱਗ ਤਸਕਰੀ ਅਤੇ ਮਨੀ ਲਾਡਰਿੰਗ ਵਰਗੇ ਕੰਮਾਂ ਵਿਚ ਸ਼ਾਮਲ ਹਨ। ਡਰਾਂਗਘੇਟਾ ਦਾ ਗ੍ਰੀਕ ਭਾਸ਼ਾ ਵਿਚ ਮਤਲਬ ਹਿੰਮਤ ਹੁੰਦਾ ਹੈ। ਇਹ ਬਹੁਤ ਸਾਰੇ ਪਿੰਡਾਂ ਨੂੰ ਮਿਲਾ ਕੇ ਬਣਿਆ ਹੈ। ਪੁਲਿਸ ਦੇ ਸੰਗਠਨ 'ਤੇ ਲਗਾਤਾਰ ਧਿਆਨ ਦੇਣ ਨਾਲ ਅਤੇ ਲਗਾਤਾਰ ਹੋਣ ਵਾਲੀ ਗ੍ਰਿਫਤਾਰੀ ਦੇ ਬਾਵਜੂਦ ਇਹ ਸਮੂਹ ਅਪਣੀ ਪਹੁੰਚ ਨੂੰ ਵਧਾ ਰਿਹਾ ਹੈ।

ਇਸ ਮੁਹਿੰਮ ਨੂੰ ਸਿਰੇ ਚੜਾਉਣ ਵਾਲੇ ਅਧਿਕਾਰੀਆਂ ਨੇ ਅਪ੍ਰੇਸ਼ਨ ਪੋਲੀਨਾ ਨੂੰ ਸਮੂਹ ਲਈ ਝਟਕਾ ਦੱਸਿਆ ਹੈ। ਇਟਲੀ ਤੋਂ 41, ਜਰਮਨੀ ਤੋਂ 21, ਬੇਲਜੀਅਮ ਤੋਂ 14, ਨੀਦਰਲੈਂਡ ਤੋਂ 5 ਅਤੇ ਲਕਸਮਬਰਗ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਯੂਰੋਜਸਟ ਨੇ ਕਿਹਾ ਕਿ ਮੁਹਿੰਮ ਅਜੇ ਵੀ ਜਾਰੀ ਹੈ। ਇਟਾਲੀਅਨ ਵਕੀਲ ਫੈਡਰਿਕੋ ਕੇਫਿਅਰੋ ਡੀ ਰਾਹੋ ਦਾ ਕਹਿਣਾ ਹੈ ਕਿ ਇਸ ਮੁਹਿੰਮ ਵਿਚ ਦੁਨੀਆ ਭਰ ਵਿਚ ਡਰਾਂਗਘੇਟਾ ਦੀ ਡਰੱਗ ਤਸਕਰੀ ਮੁਹਿੰਮ 'ਤੇ ਅਸਰ ਪਵੇਗਾ।