ਹਿੰਦ ਮਹਾਸਾਗਰ ਖੇਤਰ ਵਿੱਚ ਦਿਖਾਈ ਦਿੱਤਾ ਚੀਨੀ ਜਾਸੂਸੀ ਜਹਾਜ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਵੱਖ-ਵੱਖ ਨਿਗਰਾਨੀ ਉਪਕਰਣਾਂ ਨਾਲ ਲੈਸ ਹੈ ਚੀਨ ਦਾ ਜਾਸੂਸੀ ਜਹਾਜ਼ ‘ਯੁਆਨ ਵੈਂਗ 5'

Image

 

ਨਵੀਂ ਦਿੱਲੀ - ਬੰਗਾਲ ਦੀ ਖਾੜੀ ਵਿੱਚ ਭਾਰਤ ਵੱਲੋਂ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਤੋਂ ਪਹਿਲਾਂ, ਵੱਖ-ਵੱਖ ਨਿਗਰਾਨੀ ਉਪਕਰਣਾਂ ਨਾਲ ਲੈਸ ਚੀਨ ਦਾ ਜਾਸੂਸੀ ਜਹਾਜ਼ ‘ਯੁਆਨ ਵੈਂਗ 5’ ਹਿੰਦ ਮਹਾਸਾਗਰ ਖੇਤਰ ਵਿੱਚ ਦਾਖਲ ਹੋ ਚੁੱਕਿਆ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਪਤਾ ਲੱਗਿਆ ਹੈ ਕਿ ਭਾਰਤੀ ਜਲ ਸੈਨਾ ਬੈਲਿਸਟਿਕ ਮਿਜ਼ਾਈਲਾਂ ਅਤੇ ਉਪਗ੍ਰਹਿਾਂ 'ਤੇ ਨਜ਼ਰ ਰੱਖਣ ਦੇ ਸਮਰੱਥ ਚੀਨੀ ਜਹਾਜ਼ਾਂ ਦੀ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ। ਅਗਸਤ 'ਚ ਹੰਬਨਟੋਟਾ ਬੰਦਰਗਾਹ 'ਤੇ ਜਹਾਜ਼ ਦੇ ਠਹਿਰਾਅ ਨਾਲ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ। ਓਪਨ ਸੋਰਸ ਖੁਫੀਆ ਮਾਹਿਰ ਡੈਮੀਅਨ ਸਾਈਮਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ "ਚੀਨ ਦਾ ਮਿਜ਼ਾਈਲ ਅਤੇ ਸੈਟੇਲਾਈਟ ਨਿਗਰਾਨੀ ਜਹਾਜ਼ 'ਯੁਆਨ ਵੈਂਗ 5' ਹਿੰਦ ਮਹਾਸਾਗਰ ਖੇਤਰ ਵਿੱਚ ਦਾਖਲ ਹੋ ਗਿਆ ਹੈ।"

ਹਿੰਦ ਮਹਾਸਾਗਰ ਖੇਤਰ ਵਿੱਚ ਜਾਸੂਸੀ ਜਹਾਜ਼ ਦੀ ਮੌਜੂਦਗੀ ਦੀਆਂ ਰਿਪੋਰਟਾਂ 'ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ। ਨਿਰਧਾਰਿਤ ਪ੍ਰੋਟੋਕੋਲ ਅਨੁਸਾਰ, ਭਾਰਤ ਨੇ ਹਾਲ ਹੀ ਵਿੱਚ ਇੱਕ ਮਿਜ਼ਾਈਲ ਪ੍ਰੀਖਣ ਦੇ ਸਬੰਧ ਵਿੱਚ ਐੱਨ.ਓ.ਟੀ.ਏ.ਐੱਮ. (ਨੋਟਿਸ ਟੂ ਏਅਰਮੈਨ/ਨੋਟਿਸ ਟੂ ਏਅਰ ਮਿਸ਼ਨ) ਜਾਰੀ ਕੀਤਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਚੀਨੀ ਜਾਸੂਸੀ ਜਹਾਜ਼ ਦੀ ਮੌਜੂਦਗੀ ਨੂੰ ਦੇਖਦੇ ਹੋਏ ਭਾਰਤ ਮਿਜ਼ਾਈਲ ਪ੍ਰੀਖਣ ਯੋਜਨਾ ਨੂੰ ਅੱਗੇ ਵਧਾਏਗਾ ਜਾਂ ਨਹੀਂ।

ਮਾਹਿਰਾਂ ਮੁਤਾਬਕ ਚੀਨੀ ਜਹਾਜ਼ ਨੂੰ ਆਖਰੀ ਵਾਰ ਇੰਡੋਨੇਸ਼ੀਆ ਦੇ ਸੁੰਡਾ ਵਿਖੇ ਦੇਖਿਆ ਗਿਆ ਸੀ। ਚੀਨੀ ਜਹਾਜ਼ ਦਾ ਹਿੰਦ ਮਹਾਸਾਗਰ ਦਾ ਦੌਰਾ ਚੀਨੀ ਫ਼ੌਜੀ ਅਤੇ ਖੋਜ ਜਹਾਜ਼ਾਂ ਦੁਆਰਾ ਖੇਤਰ ਵਿੱਚ ਵਧੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਆਇਆ ਹੈ। ਖੇਤਰ ਵਿੱਚ ਚੀਨ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਲੈ ਕੇ ਚਿੰਤਾਵਾਂ ਦੇ ਪਿਛੋਕੜ ਵਿੱਚ ਭਾਰਤ ਹਿੰਦ ਮਹਾਸਾਗਰ ਵਿੱਚ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ​​ਕਰ ਰਿਹਾ ਹੈ।