France ਦੇ ਗਵਾਡੇਲੋਪ ’ਚ ਵੱਡੀ ਦਰਦਨਾਕ ਘਟਨਾ
ਕ੍ਰਿਸਮਸ ਦੀ ਤਿਆਰੀ ਕਰਦੇ ਲੋਕਾਂ ’ਤੇ ਚੜ੍ਹੀ ਕਾਰ, 10 ਲੋਕਾਂ ਦੀ ਮੌਕੇ ’ਤੇ ਹੋਈ ਮੌਤ, 10 ਜ਼ਖ਼ਮੀ
ਗਵਾਡੇਲੋਪ/ ਸ਼ਾਹ : ਫਰਾਂਸ ਦੇ ਗਵਾਡੇਲੋਪ ਖੇਤਰ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਕ੍ਰਿਸਮਸ ਦੇ ਪ੍ਰੋਗਰਾਮ ਦੌਰਾਨ ਇਕੱਠੇ ਹੋਏ ਲੋਕਾਂ ’ਤੇ ਇਕ ਵਿਅਕਤੀ ਨੇ ਕਾਰ ਚੜ੍ਹਾਅ ਦਿੱਤੀ,, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ ਇੰਨੇ ਹੀ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਕ੍ਰਿਸਮਸ ਪ੍ਰੋਗਰਾਮ ਦੌਰਾਨ ਵਾਪਰੀ ਇਹ ਘਟਨਾ ਕੋਈ ਹਾਦਸਾ ਸੀ ਜਾਂ ਹਮਲਾ,, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਐ।
ਇਕ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਦਰਦਨਾਕ ਘਟਨਾ ਟਾਊਨ ਹਾਲ ਵਿਚ ਚਰਚ ਦੇ ਬਿਲਕੁਲ ਸਾਹਮਣੇ ਸ਼ੋਏਲਚਰ ਸਕਵਾਇਰ ’ਤੇ ਵਾਪਰੀ। ਰਿਪੋਰਟ ਮੁਤਾਬਕ ਮੌਕੇ ’ਤੇ ਮੌਜੂਦ ਗਵਾਹਾਂ ਦੇ ਹਵਾਲੇ ਨਾਲ ਕਿਹਾ ਗਿਆ ਏ ਕਿ ਸ਼ਾਇਦ ਡਰਾਇਵਰ ਨੂੰ ਗੱਡੀ ਚਲਾਉਂਦੇ ਸਮੇਂ ਕੋਈ ਮੈਡੀਕਲ ਦਿੱਕਤ ਹੋਈ ਹੋਵੇਗੀ। ਹਾਲਾਂਕਿ ਇਸ ਗੱਲ ਵਿਚ ਕਿੰਨੀ ਸੱਚਾਈ ਐ, ਇਸ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਐ। ਘਟਨਾ ਵਾਪਰਦਿਆਂ ਹੀ ਫਾਈਰ ਫਾਇਟਰਜ਼, ਪੈਰਾ ਮੈਡੀਕਲ ਸਟਾਫ਼ ਅਤੇ ਪੁਲਿਸ ਅਫ਼ਸਰ ਮੌਕੇ ’ਤੇ ਪਹੁੰਚ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਮੇਅਰ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ ਪੀੜਤਾਂ ਦੀ ਮਦਦ ਲਈ ਇਕ ਕ੍ਰਾਈਸਸ ਟੀਮ ਨੂੰ ਤੁਰੰਤ ਐਕਟੀਵੇਟ ਕੀਤਾ ਗਿਆ। ਘਟਨਾ ਤੋਂ ਬਾਅਦ ਡਰਾਇਵਰ ਮੌਕੇ ਤੋਂ ਫ਼ਰਾਰ ਨਹੀਂ ਹੋਇਆ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਐ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਜਰਮਨੀ ਦੇ ਮੈਗਡੇਬਰਗ ਵਿਖੇ ਵੀ ਕ੍ਰਿਸਮਸ ਤੋਂ ਕੁੱਝ ਦਿਨ ਪਹਿਲਾਂ ਅਜਿਹੀ ਘਟਨਾ ਵਾਪਰੀ ਸੀ, ਜਿੱਥੇ ਇਕ ਕਾਰ ਨੇ ਰੁਝੇਵਿਆਂ ਭਰੇ ਆਊਟਡੋਰ ਕ੍ਰਿਸਮਸ ਮਾਰਕਿਟ ਵਿਚ ਲੋਕਾਂ ਨੂੰ ਦਰੜ ਦਿੱਤਾ ਸੀ। ਇਸ ਘਟਨਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 68 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਕਾਰ ਡਰਾਇਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸਦੀ ਪਛਾਣ 50 ਸਾਲਾ ਸਾਊਦੀ ਡਾਕਟਰ ਵਜੋਂ ਹੋਈ ਸੀ ਜੋ ਪਹਿਲੀ ਵਾਰ 2006 ਵਿਚ ਜਰਮਨੀ ਆਇਆ ਸੀ। ਫਿਲਹਾਲ ਹੁਣ ਫਰਾਂਸ ਵਿਖੇ ਵਾਪਰੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਪਤਾ ਲਗਾਇਆ ਜਾ ਰਿਹਾ ਏ ਕਿ ਇਹ ਹਾਦਸਾ ਸੀ ਜਾਂ ਕੋਈ ਹਮਲਾ?