ਮਮਤਾ ਦੀ ਮਿਸਾਲ, ਆਪਰੇਸ਼ਨ ਦੌਰਾਨ ਮਾਂ ਨਾਲ ਚਿੰਬੜਿਆ ਰਿਹਾ ਭਾਲੂ ਦਾ ਬੱਚਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦੇ ਜੀਵ ਰੱਖਿਅਕਾਂ ਨੇ ਮਾਂ ਕੋਆਲਾ ਦਾ ਨਾਂ ਲਿਜੀ ਅਤੇ ਬੱਚੇ ਦਾ ਨਾਮ ਫੈਂਟਮ ਰੱਖਿਆ ਹੈ।

File Photo

ਆਸਟ੍ਰੇਲੀਆ- ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆਂ 'ਚ ਸੱਭ ਤੋਂ ਖਾਸ ਹੁੰਦਾ ਹੈ, ਫਿਰ ਭਾਵੇਂ ਉਹ ਜਾਨਵਰ ਹੀ ਕਿਉਂ ਨਾ ਹੋਵੇ। ਅਜਿਹੀ ਹੀ ਦਿਲ ਨੂੰ ਖੁਸ਼ ਕਰਨ ਵਾਲੀਆਂ ਤਸਵੀਰਾਂ ਆਸਟ੍ਰੇਲੀਆ 'ਚ ਸਾਹਮਣੇ ਆਈਆਂ ਹਨ। ਜਿੱਥੇ ਜੰਗਲਾਂ 'ਚ ਲੱਗੀ ਅੱਗ 'ਚ ਲੱਖਾਂ ਜਾਨਵਰ ਸੜ ਕੇ ਸੁਆਹ ਹੋ ਗਏ।  ਇਸੇ ਅੱਗ 'ਚ ਇੱਕ ਕੋਆਲਾ (ਛੋਟੇ ਕਿਸਮ ਦਾ ਭਾਲੂ) ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ।

ਮਾਂ ਨੂੰ ਅਜਿਹੀ ਹਾਲਤ 'ਚ ਵੇਖ ਕੇ ਉਸ ਦੇ ਬੱਚੇ ਦੇ ਹੰਝੂ ਨਹੀਂ ਰੁੱਕ ਰਹੇ ਸਨ। ਕੋਆਲਾ ਨੂੰ ਬਚਾਉਣ ਲਈ ਉੱਥੇ ਆਈ ਟੀਮ ਛੇਤੀ ਹੀ ਉਸ ਨੂੰ ਹਸਪਤਾਲ ਲੈ ਆਈ। ਉੱਥੇ ਉਸ ਦੀ ਸਰਜਰੀ ਕੀਤੀ ਗਈ। ਪਰ ਮਾਂ ਦੀ ਅਜਿਹੀ ਹਾਲਤ ਵੇਖ ਕੇ ਉਸ ਦਾ ਨੰਨ੍ਹਾ ਬੱਚਾ ਖੁਦ ਨੂੰ ਨਹੀਂ ਰੋਕ ਸਕਿਆ ਅਤੇ ਉਹ ਪੂਰਾ ਸਮਾਂ ਆਪਣੀ ਮਾਂ ਨਾਲ ਚਿੰਬੜਿਆ ਰਿਹਾ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬੱਚੇ ਨੇ ਆਪਣੀ ਮਾਂ ਨੂੰ ਨਹੀਂ ਛੱਡਿਆ।

ਆਸਟ੍ਰੇਲੀਆ ਦੇ ਜੀਵ ਰੱਖਿਅਕਾਂ ਨੇ ਮਾਂ ਕੋਆਲਾ ਦਾ ਨਾਂ ਲਿਜੀ ਅਤੇ ਬੱਚੇ ਦਾ ਨਾਮ ਫੈਂਟਮ ਰੱਖਿਆ ਹੈ। ਮੀਡੀਆ ਰਿਪੋਰਟ ਮੁਤਾਬਿਕ ਦੋ ਹਫ਼ਤੇ ਪਹਿਲਾਂ ਲਿਜੀ ਸੜਕ ਹਾਦਸੇ 'ਚ ਜ਼ਖਮੀ ਹੋਈ ਸੀ। ਦਰਅਸਲ ਉਹ ਅੱਗ ਤੋਂ ਬਚਣ ਲਈ ਭੱਜਦੀ ਹੋਈ ਸੜਕ ਪਾਰ ਕਰ ਰਹੀ ਸੀ। ਉਸੇ ਦੌਰਾਨ ਕਿਸੇ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਬੇਬੀ ਫੈਂਟਮ ਵੀ ਉਸ ਦੇ ਨਾਲ ਸੀ, ਪਰ ਉਸ ਨੂੰ ਕੁੱਝ ਨਹੀਂ ਹੋਇਆ ਸੀ।ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਲਿਜੀ ਦੇ ਫੇਫੜੇ ਵਿਚ ਇਨਫੈਕਸ਼ਨ ਅਤੇ ਚਿਹਰੇ 'ਤੇ ਸੱਟ ਸੀ।

ਲਿਜੀ ਨੇ ਹਾਦਸੇ ਅਤੇ ਅੱਗ ਤੋਂ ਫੈਂਟਮ ਦੀ ਜਾਨ ਬਚਾਈ ਸੀ। ਇਸ ਲਈ ਪੂਰੀ ਸਰਜਰੀ ਦੌਰਾਨ ਫੈਂਟਮ ਆਪਣੀ ਮਾਂ ਲਿਜੀ ਨਾਲ ਚਿੰਬੜਿਆ ਰਿਹਾ। ਉਸ ਨੇ ਪੂਰਾ ਸਮਾਂ ਮਾਂ ਨੂੰ ਨਹੀਂ ਛੱਡਿਆ। ਡਾਕਟਰਾਂ ਨੇ ਲਿਜੀ ਦਾ ਸਫ਼ਲ ਆਪਰੇਸ਼ਨ ਕੀਤਾ। ਇਸ ਦੌਰਾਨ ਫੈਂਟਮ ਆਪਣੀ ਮਾਂ ਦੇ ਨਾਲ ਹੀ ਰਿਹਾ। ਫੈਂਟਮ ਦੇ ਸਰੀਰ ਦੀ ਗਰਮੀ ਅਤੇ ਡਾਕਟਰਾਂ ਦੇ ਇਲਾਜ ਨਾਲ ਲਿਜੀ ਹੁਣ ਠੀਕ ਹੈ।