US ਸੰਸਦ ਵਿਚ ਹੋਈ ਹਿੰਸਾ ਲਈ ਓਬਾਮਾ ਨੇ ਟਰੰਪ ਨੂੰ ਦੱਸਿਆ ਜ਼ਿੰਮੇਵਾਰ, ਕਿਹਾ ‘ਸ਼ਰਮਿੰਦਗੀ ਦਾ ਪਲ’

ਏਜੰਸੀ

ਖ਼ਬਰਾਂ, ਕੌਮਾਂਤਰੀ

ਓਬਾਮਾ ਨੇ ਰਿਪਬਲੀਕਨ ਪਾਰਟੀ ਤੇ ਇਸ ਦੇ ਮੀਡੀਆ ਸਮਰਥਕਾਂ ‘ਤੇ ਵੀ ਸਾਧਿਆ ਨਿਸ਼ਾਨਾ

Donald Trump and Barack Obama

ਵਾਸ਼ਿੰਗਟਨ: ਬੀਤੇ ਦਿਨ ਅਮਰੀਕਾ ਦੀ ਸੰਸਦ ਵਿਚ ਹੋਏ ਹਮਲੇ ਲਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਨੇ ਇਸ ਘਟਨਾ ਨੂੰ ‘ਦੇਸ਼ ਲਈ ਅਪਮਾਨ ਤੇ ਸ਼ਰਮਿੰਦਗੀ ਦਾ ਪਲ’ ਦੱਸਿਆ।

ਉਹਨਾਂ ਨੇ ਕਿਹਾ ਕਿ ‘ਜੇਕਰ ਅਸੀਂ ਕਹਾਂਗੇ ਕਿ ਇਹ ਬਿਲਕੁਲ ਅਚਾਨਕ ਹੋਈ ਘਟਨਾ ਹੈ ਤਾਂ ਅਸੀਂ ਖੁਦ ਦਾ ਮਜ਼ਾਕ ਕਰ ਰਹੇ ਹੋਵਾਂਗੇ’। ਉਹਨਾਂ ਕਿਹਾ ਕਿ ਇਹ ਹਿੰਸਾ ਟਰੰਪ ਨੇ ‘ਭੜਕਾਈ’ ਹੈ, ਜੋ ਲਗਾਤਾਰ ਕਾਨੂੰਨੀ ਚੋਣਾਂ ਨੂੰ ਲੈ ਕੇ ਅਧਾਰਹੀਣ ਝੂਠ ਫੈਲਾਅ ਰਹੇ ਹਨ।

ਓਬਾਮਾ ਨੇ ਰਿਪਬਲੀਕਨ ਪਾਰਟੀ ਤੇ ਇਸ ਦੇ ਮੀਡੀਆ ਸਮਰਥਕਾਂ ‘ਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਉਹ ਰਾਸ਼ਟਰਪਤੀ ਚੋਣਾਂ ਵਿਚ ਜੋ ਬਾਇਡਨ ਦੀ ਜਿੱਤ ਨੂੰ ਲੈ ਕੇ ‘ਜ਼ਿਆਦਾਤਰ ਮੌਕਿਆਂ ‘ਤੇ ਅਪਣੇ ਸਮਰਥਕਾਂ ਕੋਲੋਂ ਸੱਚ ਲੁਕਾਉਂਦੇ ਰਹੇ ਹਨ’। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੀ ਹਾਰ ਹੋਣ ਤੋਂ ਬਾਅਦ ਵਾਸ਼ਿੰਗਟਨ ਵਿਚ ਹਿੰਸਾ ਸ਼ੁਰੂ ਹੋ ਗਈ ਹੈ।

ਟਰੰਪ ਸਮਰਥਕਾਂ ਨੇ ਵਾਈਟ ਹਾਊਸ ਤੇ ਕੈਪਿਟੋਲ ਹਿਲਸ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਹੁਣ ਹੰਗਾਮੇ ਤੋਂ ਬਾਅਦ ਵਾਸ਼ਿੰਗਟਨ 'ਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇਸ ਪ੍ਰਦਰਸ਼ਨ ਦੇ ਚਲਦਿਆਂ ਪੁਲਿਸ ਫਾਇਰਿੰਗ 'ਚ ਚਾਰ ਪ੍ਰਦਰਸ਼ਨਕਾਰੀ ਦੀ ਮੌਤ ਵੀ ਹੋ ਗਈ। ਇਸ ਘਟਨਾ ਤੋਂ ਬਾਅਦ ਲਗਭਗ 52 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।