Bangladesh ’ਚ ਹਿੰਦੂ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕਾਂ ਨੇ ਚੋਰੀ ਦੇ ਇਲਜ਼ਾਮ ਵਿੱਚ ਕੀਤਾ ਪਿੱਛਾ, ਬਚਣ ਲਈ ਨਹਿਰ ਵਿੱਚ ਛਾਲ ਮਾਰੀ

Hindu youth jumps into canal in Bangladesh, dies

ਢਾਕਾ : ਬੰਗਲਾਦੇਸ਼ ਦੇ ਨਾਓਗਾਂਵ ਜ਼ਿਲ੍ਹੇ ਵਿੱਚ ਨਹਿਰ ਵਿੱਚ ਛਾਲ ਮਾਰਨ ਕਾਰਨ 25 ਸਾਲਾ ਹਿੰਦੂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭੰਡਾਰਪੁਰ ਪਿੰਡ ਨਿਵਾਸੀ ਮਿਥੁਨ ਸਰਕਾਰ ਵਜੋਂ ਹੋਈ ਹੈ। ਸਥਾਨਕ ਪੁਲਿਸ ਅਨੁਸਾਰ ਕੁਝ ਲੋਕਾਂ ਨੇ ਹਾਟ ਚਕਗੌਰੀ ਬਾਜ਼ਾਰ ਇਲਾਕੇ ਵਿੱਚ ਮਿਥੁਨ ’ਤੇ ਚੋਰੀ ਦਾ ਇਲਜ਼ਾਮ ਲਗਾਉਂਦੇ ਹੋਏ ਉਸ ਦਾ ਪਿੱਛਾ ਕੀਤਾ। ਬਚਣ ਦੀ ਕੋਸ਼ਿਸ਼ ਦੌਰਾਨ ਉਸ ਨੇ ਨੇੜਲੀ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਲਾਪਤਾ ਹੋ ਗਿਆ।

ਬਾਅਦ ਵਿੱਚ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਸਰਵਿਸ ਦੀ ਟੀਮ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਲਗਭਗ ਚਾਰ ਘੰਟੇ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਮਿਥੁਨ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਸਬੰਧੀ ਨਹੀਂ ਕੀਤੀ ਗਈ ਕਿ ਮ੍ਰਿਤਕ ਅਸਲ ਵਿੱਚ ਚੋਰੀ ਵਿੱਚ ਸ਼ਾਮਲ ਸੀ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਹਿੰਦੂਆਂ ਖਿਲਾਫ਼ ਹਮਲੇ ਲਗਾਤਾਰ ਵਧ ਰਹੇ ਹਨ। ਬੀਤੇ ਸੋਮਵਾਰ ਨੂੰ ਨਰਸਿੰਗਦੀ ਜ਼ਿਲ੍ਹੇ ਵਿੱਚ ਇੱਕ ਹਿੰਦੂ ਦੁਕਾਨਦਾਰ ਦੀ ਤਿੱਖੇ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 40 ਸਾਲਾ ਸ਼ਰਤ ਚੱਕਰਵਰਤੀ ਮਣੀ ਵਜੋਂ ਹੋਈ ਹੈ। ਇਹ ਪਿਛਲੇ 18 ਦਿਨਾਂ ਦੌਰਾਨ ਛੇਵੇਂ ਹਿੰਦੂ ਵਿਅਕਤੀ ਦੀ ਹੱਤਿਆ ਦਾ ਮਾਮਲਾ ਹੈ।