Seattle News: ਸਿਆਟਲ ਸਥਿਤ ਭਾਰਤੀ ਕੌਂਸਲੇਟ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਵੀਰਵਾਰ ਨੂੰ ਦਫਤਰੀ ਸਮੇਂ ਤੋਂ ਬਾਅਦ ਕੁਝ ਵਿਅਕਤੀਆਂ ਦੇ ਅਣਅਧਿਕਾਰਤ ਪ੍ਰਵੇਸ਼ ਕਾਰਨ ਪੈਦਾ ਹੋਈ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਲਈ ਮਜਬੂਰ ਹੋਣਾ ਪਿਆ।
ਵਣਜ ਦੂਤਘਰ ਨੇ ਜਿਨ੍ਹਾਂ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਵਿਚੋਂ ਇਕ ਕਸ਼ਮਾ ਸਾਵੰਤ ਹੈ, ਜਿਸ ਬਾਰੇ ਸੋਸ਼ਲ ਮੀਡੀਆ ਮੰਗ ‘ਐਕਸ’ ’ਤੇ ਲਿਖੀ ਜਾਣਕਾਰੀ ਅਨੁਸਾਰ ਉਹ 2014 ਤੋਂ 2023 ਤਕ ਸੀਏਟਲ ਸਿਟੀ ਕੌਂਸਲ ਦੀ ਮੈਂਬਰ ਰਹੀ ਹੈ।
ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਇਕ ਵੀਡੀਉ ਵੀ ਵਾਇਰਲ ਹੋ ਰਿਹਾ ਹੈ, ਜਿਸ ’ਚ ਸਾਵੰਤ ਅਤੇ ਉਸ ਦੇ ਨਾਲ ਇਕ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਭਾਰਤ ਜਾਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਕਿਉਂਕਿ ਉਹ ‘ਰਿਜੈਕਟ ਲਿਸਟ’ (ਪਾਬੰਦੀਸ਼ੁਦਾ ਸੂਚੀ) ’ਚ ਹਨ।
ਜਦਕਿ ਭਾਰਤੀ ਕੌਂਸਲੇਟ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਨ੍ਹਾਂ ਵਿਅਕਤੀਆਂ ਨੇ ਕੌਂਸਲੇਟ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿਤਾ ਅਤੇ ਕੌਂਸਲੇਟ ਦੇ ਮੁਲਾਜ਼ਮਾਂ ਨਾਲ ਹਮਲਾਵਰ ਅਤੇ ਧਮਕੀ ਭਰੇ ਵਿਵਹਾਰ ਕੀਤੇ। ਸਾਨੂੰ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਸਥਾਨਕ ਅਧਿਕਾਰੀਆਂ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ।’’ ਪੋਸਟ ’ਚ ਅੱਗੇ ਕਿਹਾ ਗਿਆ ਹੈ, ‘‘ਘੁਸਪੈਠ ਕਰਨ ਵਾਲਿਆਂ ਵਿਰੁਧ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।’’
ਸਾਵੰਤ ਨੇ ਵੀ ਅਪਣਾ ਪੱਖ ਪੇਸ਼ ਕਰਦਿਆਂ ‘ਐਕਸ’ ’ਤੇ ਲਿਖਿਆ, ‘‘ਇਕ ਕੌਂਸਲਰ ਅਧਿਕਾਰੀ ਨੇ ਕਿਹਾ ਕਿ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਮੋਦੀ ਸਰਕਾਰ ਦੀ ‘ਰਿਜੈਕਟ ਲਿਸਟ’ ਵਿਚ ਹਾਂ। ਕਾਰਨ ਸਪੱਸ਼ਟ ਹੈ, ਮੇਰੀ ਸੋਸ਼ਲਿਸਟ ਸਿਟੀ ਕੌਂਸਲ ਦਫ਼ਤਰ ਨੇ ਮੋਦੀ ਦੇ ਮੁਸਲਿਮ ਵਿਰੋਧੀ, ਗਰੀਬ ਵਿਰੋਧੀ, ਸੀ.ਏ.ਏ.-ਐਨ.ਆਰ.ਸੀ. ਨਾਗਰਿਕਤਾ ਕਾਨੂੰਨ ਦੀ ਨਿੰਦਾ ਕਰਦਿਆਂ ਇਕ ਮਤਾ ਪਾਸ ਕੀਤਾ ਸੀ। ਅਸੀਂ ਜਾਤ ਅਧਾਰਤ ਵਿਤਕਰੇ ’ਤੇ ਇਤਿਹਾਸਕ ਪਾਬੰਦੀ ਵੀ ਜਿੱਤੀ ਹੈ।’’