11 ਸਾਲ ਦੇ ਬੱਚੇ ਨੇ ਇਕੱਲੇ ਹੀ ਪਾਰ ਕੀਤੀ ਯੂਕਰੇਨ ਦੀ ਸਰਹੱਦ, ਪੇਸ਼ ਕੀਤੀ ਬਹਾਦਰੀ ਦੀ ਮਿਸਾਲ 

ਏਜੰਸੀ

ਖ਼ਬਰਾਂ, ਕੌਮਾਂਤਰੀ

ਇੱਕ ਪਲਾਸਟਿਕ ਦਾ ਬੈਗ ਅਤੇ ਹੱਥ 'ਤੇ ਲਿਖਿਆ ਸੀ ਪਾਸਪੋਰਟ ਤੇ ਫ਼ੋਨ ਨੰਬਰ, ਯੂਕਰੇਨ ਤੋਂ ਇਕੱਲਾ ਹੀ ਬਾਰਡਰ ਲੰਘ ਕੇ ਪਹੁੰਚਿਆ ਸਲੋਵਾਕੀਆ, ਬਣਿਆ 'ਅਸਲ ਹੀਰੋ'

An 11-year-old boy crossed the Ukraine border alone, setting an example of bravery

ਕੀਵ : ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ’ਚ ਕਦੇ-ਕਦੇ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ ਜੋ ਬਹਾਦਰੀ ਦੀ ਇਕ ਵੱਡੀ ਮਿਸਾਲ ਪੇਸ਼ ਕਰਦੀਆਂ ਹਨ। ਅਜਿਹੀ ਹੀ ਇੱਕ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿਚ ਇੱਕ 11 ਸਾਲ ਦਾ ਯੂਕ੍ਰੇਨੀ ਬੱਚਾ ਚਿਹਰੇ 'ਤੇ ਮੁਸਕਰਾਹਟ ਨਾਲ ਦਿਖਾਈ ਦੇ ਰਿਹਾ ਹੈ। ਇਸ ਛੋਟੇ ਬੱਚੇ ਦੀ ਬਹਾਦਰੀ ਨੇ ਸਾਰਿਆਂ ਦੇ ਅੰਦਰ ਜੋਸ਼ ਅਤੇ ਜਜ਼ਬਾ ਭਰ ਦਿਤਾ ਹੈ। ਅਸਲ ਵਿਚ ਇਸ ਛੋਟੇ ਬੱਚੇ ਨੇ ਇੱਕਲੇ ਹੀ ਯੂਕਰੇਨ ਦੀ ਸਰਹੱਦ ਪਾਰ ਕੀਤੀ ਅਤੇ ਸਲੋਵਾਕੀਆ ਪਹੁੰਚ ਗਿਆ। 

ਜਾਣਕਾਰੀ ਅਨੁਸਾਰ ਦੱਖਣ-ਪੂਰਬੀ ਯੂਕਰੇਨ ਦੇ ਜਾਪੋਰਿਜਜੀਆ ਦੇ ਇਕ ਲੜਕੇ ਨੂੰ ਸਲੋਵਾਕੀਆ ਦੇ ਅਧਿਕਾਰੀਆਂ ਨੇ ‘ਅਸਲ ਹੀਰੋ’ ਐਲਾਨ ਕੀਤਾ ਕਿਉਂਕਿ ਉਸ ਨੇ ਸਲੋਵਾਕੀਆ ਜਾਣ ਲਈ ਯੂਕਰੇਨ ਦੀ ਸਰਹੱਦ ਖੁਦ ਹੀ ਪਾਰ ਕੀਤੀ।

ਸਲੋਵਾਕੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਾ ਅਨੁਸਾਰ 11 ਸਾਲਾ ਯੂਕ੍ਰੇਨੀ 1000 ਕਿਲੋਮੀਟਰ ਦੀ ਦੂਰੀ ਇਕੱਲਿਆਂ ਹੀ ਤੈਅ ਕਰਕੇ ਸਲੋਵਾਕੀਆ ਪਹੁੰਚਿਆ। ਇਸ ਯਾਤਰਾ ’ਚ ਉਸਦੇ ਨਾਲ ਉਸਦਾ ਇਕ ਬੈਕਪੈਕ, ਇਕ ਪਲਾਸਟਿਕ ਬੈਗ ਅਤੇ ਇਕ ਪਾਸਪੋਰਟ ਸੀ। ਇਸ ਤੋਂ ਇਲਾਵਾ ਉਸ ਕੋਲ ਮਾਂ ਦਾ ਲਿਖਿਆ ਇਕ ਸੰਦੇਸ਼ ਅਤੇ ਹੱਥ ’ਤੇ ਇਕ ਟੈਲੀਫੋਨ ਨੰਬਰ ਲਿਖਿਆ ਹੋਇਆ ਸੀ। 

ਇਸ ਬੱਚੇ ਦੀ ਮਾਂ ਨੇ ਉਸਨੂੰ ਰਿਸ਼ਤੇਦਾਰਾਂ ਨੂੰ ਲੱਭਣ ਲਈ ਰੇਲ ਰਾਹੀਂ ਸਲੋਵਾਕੀਆ ਭੇਜਿਆ। ਲੜਕਾ ਜਦੋਂ ਆਪਣੇ ਪਾਸਪੋਰਟ ’ਚ ਰੱਖੇ ਮੁੜੇ ਹੋਏ ਕਾਗਜ਼ ਦੇ ਟੁਕੜੇ ਅਤੇ ਹੱਥ ’ਤੇ ਫੋਨ ਨੰਬਰ ਦੇ ਨਾਲ ਸਲੋਵਾਕੀਆ ਪਹੁੰਚਿਆ ਤਾਂ ਸਰਹੱਦ ’ਤੇ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਲੈਂਦੇ ਹੋਏ ਉਸ ਦੇ ਰਿਸ਼ਤੇਦਾਰਾਂ ਦੀ ਭਾਲ ਕੀਤੀ ਅਤੇ  ਰਾਜਧਾਨੀ ਬ੍ਰਾਤੀਸਲਾਵਾ ’ਚ ਉਸ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ’ਚ ਕਾਮਯਾਬ ਰਹੇ ਅਤੇ ਬੱਚੇ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ। 

ਬੱਚੇ ਦੀ ਮਾਂ ਨੇ ਸਲੋਵਾਕ ਸਰਕਾਰ ਅਤੇ ਪੁਲਿਸ ਨੂੰ ਉਸਦੀ ਦੇਖਭਾਲ ਕਰਨ ਲਈ ਧੰਨਵਾਦ ਦਿੰਦੇ ਹੋਏ ਇਕ ਸੰਦੇਸ਼ ਭੇਜਿਆ ਹੈ। ਉਥੇ ਹੀ ਸਲੋਵਾਕੀਆ ਦੇ ਗ੍ਰਹਿ ਮੰਤਰਾਲਾ ਨੇ ਫੇਸਬੁੱਕ ’ਤੇ ਲਿਖਿਆ, ‘ਬੱਚੇ ਦੇ ਨਾਲ ਇਕ ਪਲਾਸਟਿਕ ਬੈਗ, ਪਾਸਪੋਰਟ ਅਤੇ ਹੱਥ ’ਤੇ ਫੋਨ ਨੰਬਰ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਸਰਹੱਦ ਪਾਰ ਕਰ ਕੇ ਇਕੱਲਾ ਆਇਆ ਸੀ ਕਿਉਂਕਿ ਉਸਦੇ ਮਾਤਾ-ਪਿਤਾ ਨੂੰ ਯੂਕਰੇਨ ’ਚ ਰਹਿਣਾ ਪਿਆ।

ਸਰਹੱਦ 'ਤੇ ਮੌਜੂਦ ਵਲੰਟੀਅਰਾਂ ਨੇ ਉਸ ਦੀ ਦੇਖਭਾਲ ਕੀਤੀ, ਉਸ ਨੂੰ ਇਕ ਗਰਮ ਸਥਾਨ ’ਤੇ ਲੈ ਗਏ ਅਤੇ ਉਸ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ। ਲੜਕੇ ਨੇ ਆਪਣੀ ਮੁਸਕਰਾਹਟ, ਬਹਾਦਰੀ ਅਤੇ ਜ਼ਿੰਦਾਦਿਲੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।