ਨਿਊਜ਼ੀਲੈਂਡ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ 100 ਲੋਕਾਂ 'ਤੇ ਲਗਾਈ ਪਾਬੰਦੀ, ਨਹੀਂ ਕਰ ਸਕਣਗੇ ਯਾਤਰਾ
ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਰੱਖਿਆ ਮੰਤਰੀ ਸਰਗੇਈ ਸ਼ੋਇਗੂ, ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਵੀ ਸ਼ਾਮਲ
ਵੈਲਿੰਗਟਨ : ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਅੱਜ 12ਵੇਂ ਦਿਨ ਵੀ ਜਾਰੀ ਹੈ। ਇਸ ਦੇ ਨਾਲ ਹੀ ਰੂਸ ਦੇ ਖ਼ਿਲਾਫ਼ ਪਾਬੰਦੀਆਂ ਲਗਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਇਸ ਸਿਲਸਿਲੇ 'ਚ ਨਿਊਜ਼ੀਲੈਂਡ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ 100 ਲੋਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਲੋਕ ਨਿਊਜ਼ੀਲੈਂਡ ਦੀ ਯਾਤਰਾ ਨਹੀਂ ਕਰ ਸਕਣਗੇ।
ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਟੀਨ ਸਮੇਤ ਰੂਸੀ ਲੀਡਰਸ਼ਿਪ ਖ਼ਿਲਾਫ਼ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਦੀ ਸੂਚੀ ਵਿਚ ਲਗਭਗ 100 ਰੂਸੀ ਵਿਅਕਤੀ ਸ਼ਾਮਲ ਹਨ। ਨਿਊਜ਼ੀਲੈਂਡ ਵਿਚ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਰੱਖਿਆ ਮੰਤਰੀ ਸਰਗੇਈ ਸ਼ੋਇਗੂ, ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਸਮੇਤ ਹੋਰ ਲੋਕ ਸ਼ਾਮਲ ਹਨ।
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੈਨਾਯਾ ਮਹੂਤਾ ਨੇ ਰੂਸੀ ਸਰਕਾਰੀ ਅਧਿਕਾਰੀਆਂ ਅਤੇ ਯੂਕਰੇਨ ਉੱਤੇ ਰੂਸੀ ਹਮਲੇ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਯਾਤਰਾ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।"
ਦੁਨੀਆ ਦੀਆਂ ਪੰਜ ਵੱਡੀਆਂ ਤਕਨੀਕੀ ਕੰਪਨੀਆਂ ਗੂਗਲ, ਐਪਲ, ਫੇਸਬੁੱਕ, ਐਮਾਜ਼ਾਨ ਅਤੇ ਮਾਈਕ੍ਰੋਸਾਫਟ ਨੇ ਯੂਕਰੇਨ 'ਤੇ ਹਮਲਾ ਕਰਨ ਲਈ ਰੂਸ 'ਤੇ ਪਾਬੰਦੀਆਂ ਲਗਾਉਣ ਲਈ ਕਦਮ ਚੁੱਕੇ ਹਨ। ਗੂਗਲ ਨੇ ਰੂਸ 'ਚ ਆਪਣੀਆਂ ਸੇਵਾਵਾਂ 'ਤੇ ਆਨਲਾਈਨ ਵਿਗਿਆਪਨਾਂ ਦੀ ਵਿਕਰੀ ਵੀ ਬੰਦ ਕਰ ਦਿੱਤੀ ਹੈ। ਐਪਲ ਨੇ ਰੂਸ ਵਿੱਚ ਆਪਣੇ ਸਾਰੇ ਉਤਪਾਦਾਂ ਦੀ ਵਿਕਰੀ ਨੂੰ ਮੁਅੱਤਲ ਕਰ ਦਿੱਤਾ ਹੈ। ਐਪਲ ਪੇਅ ਅਤੇ ਹੋਰ ਸੇਵਾਵਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ।
ਕ੍ਰੈਡਿਟ ਕਾਰਡ ਅਤੇ ਪੇਮੈਂਟ ਕੰਪਨੀ ਮਾਸਟਰਕਾਰਡ ਅਤੇ ਵੀਜ਼ਾ ਨੇ ਵੀ ਰੂਸ ਵਿੱਚ ਕੰਮਕਾਜ ਬੰਦ ਕਰ ਦਿੱਤਾ ਹੈ। ਹੁਣ ਰੂਸੀ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਵੀਜ਼ਾ ਅਤੇ ਮਾਸਟਰਕਾਰਡ ਦੇਸ਼ ਤੋਂ ਬਾਹਰ ਕੰਮ ਨਹੀਂ ਕਰਨਗੇ। OTT ਪਲੇਟਫਾਰਮ Netflix ਨੇ ਵੀ ਯੂਕਰੇਨ ਦੇ ਸਮਰਥਨ 'ਚ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਨਾਲ ਖੜ੍ਹਨ ਦਾ ਫ਼ੈਸਲਾ ਕੀਤਾ ਹੈ। Netflix ਨੇ ਰੂਸ ਵਿੱਚ ਆਪਣੀ ਸੇਵਾ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।