New Zealand's clocks: 6 ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਪਿੱਛੇ ਹੋ ਜਾਣਗੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਸਮਾਂ ਇਸੇ ਤਰ੍ਹਾਂ 28 ਸਤੰਬਰ  2025 ਤਕ ਜਾਰੀ ਰਹੇਗਾ

New Zealand's clocks will go back one hour from April 6

 

New Zealand's clocks: ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮਾਂ ਤਹਿਤ ਸਮਾਂ ਦੱਸਣ ਵਾਲੀਆਂ ਘੜੀਆਂ ਦਾ ਸਮਾਂ ਅਗਲੇ ਮਹੀਨੇ ਐਤਵਾਰ 6 ਅਪ੍ਰੈਲ 2025 ਨੂੰ ਤੜਕੇ ਸਵੇਰੇ 3 ਵਜੇ ਇਕ ਘੰਟਾ ਪਿਛੇ ਕਰ ਦਿਤਾ ਜਾਵੇਗਾ। ਇਸ ਦੇ ਨਾਲ ਹੀ ਪਿਛਲੇ 189 ਦਿਨਾਂ  ਦੀ ਚੱਲ ਰਹੀ ਡੇਅ ਲਾਈਟ ਸੇਵਿੰਗ (ਦਿਨ ਦੀ ਰੋਸ਼ਨੀ ਦੀ ਬੱਚਤ) ਖ਼ਤਮ ਹੋ ਜਾਵੇਗੀ। ਇਹ ਸਮਾਂ ਇਸੇ ਤਰ੍ਹਾਂ 28 ਸਤੰਬਰ  2025 ਤਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਅੱਗੇ ਕਰ ਦਿਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ।

ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ  ਸ਼ਨੀਵਾਰ (5 ਅਪ੍ਰੈਲ) ਨੂੰ ਸੌਣ ਤੋਂ ਪਹਿਲਾਂ ਅਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਪਿੱਛੇ ਕਰ ਲੈਣ ਤਾਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫ਼ੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। 6 ਅਪ੍ਰੈਲ ਨੂੰ ਸੂਰਜ ਸਵੇਰੇ 7.38 ਵਜੇ ਦੀ ਥਾਂ 6.38 ਉਤੇ ਚੜ੍ਹੇਗਾ ਅਤੇ ਸ਼ਾਮ 6.07 ਮਿੰਟ ਉਤੇ ਮਿਟੇਗਾ। 

6 ਅਪ੍ਰੈਲ ਨੂੰ ਲੋਕਾਂ ਨੂੰ ਇਕ ਘੰਟਾ ਪਹਿਲਾਂ ਸੂਰਜ ਚੜਿ੍ਹਆ ਹੋਇਆ ਪ੍ਰਤੀਤ ਹੋਵੇਗਾ ਤੇ ਇਕ ਘੰਟਾ ਪਹਿਲਾਂ ਸੂਰਜ ਮਿਟ ਜਾਵੇਗਾ।  ਦਿਨ ਦੀ ਲੰਬਾਈ ਰਹੇਗੀ 11 ਘੰਟੇ 29 ਮਿੰਟ ਅਤੇ 13 ਸੈਕਿੰਡ। ਜੂਨ, ਜੁਲਾਈ ਅਤੇ ਅਗੱਸਤ ਮਹੀਨਾ ਨਿਊਜ਼ੀਲੈਂਡ ਵਿਚ ਸਿਆਲ ਦੇ ਮਹੀਨੇ ਮੰਨੇ ਜਾਂਦੇ ਹਨ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵਜਣਗੇ ਤਾਂ ਨਿਊਜ਼ੀਲੈਂਡ ਵਿਚ ਸ਼ਾਮ ਦੇ 6.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ’ਚ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ’ਚ ਸਵੇਰ ਦੇ 5.30 ਹੋਇਆ ਕਰਨਗੇ।