Trump ਫਿਰ ਕੈਨੇਡਾ-ਮੈਕਸੀਕੋ ਤੋਂ ਪਿੱਛੇ ਹਟੇ, ਟੈਰਿਫ਼ 30 ਦਿਨਾਂ ਲਈ ਮੁਲਤਵੀ
Donald Trump News : ਕੈਨੇਡਾ ਦੇ ਲੋਕਾਂ ਨੇ ਅਮਰੀਕੀ ਫਲ ਤੇ ਸਬਜ਼ੀਆਂ ਖਾਣੀਆਂ ਕੀਤੀਆਂ ਬੰਦ
Trump backs out of Canada-Mexico again, tariffs suspended for 30 days News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੈਨੇਡਾ ਅਤੇ ਮੈਕਸੀਕੋ 'ਤੇ 25 ਫ਼ੀ ਸਦੀ ਟੈਰਿਫ਼ ਲਗਾਉਣ ਦੇ ਫ਼ੈਸਲੇ ਨੂੰ 30 ਦਿਨਾਂ ਲਈ ਟਾਲ ਦਿਤਾ ਹੈ। ਟਰੰਪ ਨੇ 4 ਮਾਰਚ ਨੂੰ ਦੋਵਾਂ ਦੇਸ਼ਾਂ 'ਤੇ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਟਰੰਪ ਨੇ 4 ਫ਼ਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਕਈ ਸਮਾਨ 'ਤੇ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਸੀ, ਪਰ ਇਸ ਦੇ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ, ਉਨ੍ਹਾਂ ਨੇ ਇਸ ਨੂੰ 30 ਦਿਨਾਂ ਲਈ ਮੁਲਤਵੀ ਕਰ ਦਿਤਾ।
ਇਸ ਦੌਰਾਨ, ਟਰੰਪ ਵਲੋਂ ਕੈਨੇਡਾ 'ਤੇ ਟੈਰਿਫ਼ ਲਗਾਉਣ ਦੀ ਧਮਕੀ ਅਤੇ ਉਸ ਨੂੰ 51ਵਾਂ ਰਾਜ ਬਣਾਉਣ ਦੇ ਬਿਆਨ ਤੋਂ ਬਾਅਦ, ਦੇਸ਼ ਵਿਚ ਅਮਰੀਕੀ ਸਾਮਾਨ ਦਾ ਬਾਈਕਾਟ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਉੱਥੋਂ ਦੇ ਲੋਕਾਂ ਨੇ ਅਮਰੀਕੀ ਸੇਬ ਖਾਣਾ ਛੱਡ ਦਿਤਾ ਹੈ ਅਤੇ ਦੂਜੇ ਦੇਸ਼ਾਂ ਦੇ ਸੇਬ ਖਾਣੇ ਸ਼ੁਰੂ ਕਰ ਦਿਤੇ ਹਨ। ਇਸ ਦੇ ਨਾਲ ਹੀ ਪੀਜ਼ਾ ਦੁਕਾਨਦਾਰਾਂ ਨੇ ਪੀਜ਼ਾ ਵਿਚ ਕੈਲੀਫ਼ੋਰਨੀਆ ਦੇ ਟਮਾਟਰਾਂ ਦੀ ਬਜਾਏ ਇਟਲੀ ਦੇ ਟਮਾਟਰਾਂ ਦੀ ਵਰਤੋਂ ਸ਼ੁਰੂ ਕਰ ਦਿਤੀ ਹੈ।
ਟਰੰਪ ਨੇ ਵੀਰਵਾਰ ਨੂੰ ਕੈਨੇਡਾ ਅਤੇ ਮੈਕਸੀਕੋ 'ਤੇ ਟੈਰਿਫ਼ ਲਗਾਉਣ ਤੋਂ ਬਚਣ ਲਈ ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕੀਤੇ ਹਨ।
ਟਰੰਪ ਦੀ ਧਮਕੀ ਨੇ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਇਆ:
ਕਈ ਦੁਕਾਨਦਾਰਾਂ ਨੇ ਕਿਹਾ ਹੈ ਕਿ ਉਹ ਆਪਣੀਆਂ ਦੁਕਾਨਾਂ ਵਿਚ ਅਮਰੀਕੀ ਸਾਮਾਨ ਰੱਖਣਾ ਬੰਦ ਕਰ ਦੇਣਗੇ। ਬਹੁਤ ਸਾਰੇ ਕੈਨੇਡੀਅਨ ਜੋ ਆਪਣੀਆਂ ਛੁੱਟੀਆਂ ਲਈ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸਨ, ਨੇ ਆਪਣੀਆਂ ਛੁੱਟੀਆਂ ਰੱਦ ਕਰ ਦਿਤੀਆਂ ਹਨ। ਟਰੰਪ ਦੀ ਧਮਕੀ ਨੇ ਕੈਨੇਡਾ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਇਆ ਹੈ।
2 ਮਹੀਨੇ ਪਹਿਲਾਂ, ਚੋਣ ਹਾਰਨ ਦੇ ਡਰ ਕਾਰਨ, ਕੈਨੇਡਾ ਦੀ ਲਿਬਰਲ ਪਾਰਟੀ ਵਿਚ ਜਸਟਿਨ ਟਰੂਡੋ ਵਿਰੁਧ ਮਾਹੌਲ ਬਣ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਹੁਣ ਲਿਬਰਲ ਪਾਰਟੀ ਚੋਣ ਜਿੱਤਣ ਦੀ ਸੱਭ ਤੋਂ ਵੱਡੀ ਦਾਅਵੇਦਾਰ ਬਣ ਗਈ ਹੈ।
ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡੀਅਨ ਸਿਆਣੇ ਹਨ। ਉਹ ਸੁਭਾਅ ਤੋਂ ਨਿਮਰ ਹੋ ਸਕਦੇ ਹਨ, ਪਰ ਉਹ ਲੜਾਈ ਤੋਂ ਪਿੱਛੇ ਨਹੀਂ ਹਟਣਗੇ। ਖ਼ਾਸ ਕਰ ਕੇ ਅਜਿਹੇ ਸਮੇਂ ਜਦੋਂ ਦੇਸ਼ ਦੇ ਲੋਕਾਂ ਦੀ ਭਲਾਈ ਦਾਅ 'ਤੇ ਲੱਗੀ ਹੋਈ ਹੈ। ਹਾਲਾਂਕਿ, ਕੈਨੇਡਾ ਅਤੇ ਮੈਕਸੀਕੋ ਨੇ ਟੈਰਿਫ਼ ਨੂੰ ਮੁਲਤਵੀ ਕਰਨ ਦੇ ਟਰੰਪ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕੀ ਸਾਮਾਨਾਂ 'ਤੇ ਟੈਰਿਫ਼ ਵੀ ਫਿਲਹਾਲ ਮੁਲਤਵੀ ਕਰ ਦੇਵੇਗਾ।
ਟਰੰਪ ਵਲੋਂ 4 ਮਾਰਚ ਨੂੰ ਟੈਰਿਫ਼ ਲਗਾਉਣ ਤੋਂ ਬਾਅਦ, ਕੈਨੇਡਾ ਨੇ ਵੀ 20.5 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ 'ਤੇ ਟੈਰਿਫ਼ ਲਗਾ ਦਿਤਾ ਸੀ। ਇਸ ਤੋਂ ਪਹਿਲਾਂ ਮੈਕਸੀਕੋ ਨੇ ਧਮਕੀ ਦਿਤੀ ਸੀ ਕਿ ਜੇ ਅਮਰੀਕਾ ਨੇ ਅਪਣਾ ਫ਼ੈਸਲਾ ਨਹੀਂ ਬਦਲਿਆ ਤਾਂ ਉਹ ਐਤਵਾਰ ਤੋਂ ਅਮਰੀਕੀ ਸਾਮਾਨਾਂ 'ਤੇ ਵੀ ਟੈਰਿਫ਼ ਲਗਾ ਦੇਵੇਗਾ। ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਇਸ ਫ਼ੈਸਲੇ ਲਈ ਟਰੰਪ ਦਾ ਧਨਵਾਦ ਕੀਤਾ।