ਪੇਰੂ ਦੇ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹਿਰਾਸਤ 'ਚ ਲਿਆ
ਪੇਰੂ ਦੇ ਸਾਬਕਾ ਰਾਸ਼ਟਰਪਤੀ ਅੋਲਾਂਟਾ ਹੁਮਾਲਾ ਅਤੇ ਉਨ੍ਹਾਂ ਦੀ ਪਤਨੀ ਨਾਦਿਨ ਹੇਰੇਡਿਯਾ ਨੂੰ ਉਸ ਸਮੇਂ ਹਿਰਾਸਤ ਵਿਚ ਲਿਆ ਗਿਆ ਜਦੋਂ ਇਕ ਜੱਜ ਨੇ ਧਨ ਸ਼ੋਧਨ ਅਤੇ.....
ਲੀਮਾ, 14 ਜੁਲਾਈ: ਪੇਰੂ ਦੇ ਸਾਬਕਾ ਰਾਸ਼ਟਰਪਤੀ ਅੋਲਾਂਟਾ ਹੁਮਾਲਾ ਅਤੇ ਉਨ੍ਹਾਂ ਦੀ ਪਤਨੀ ਨਾਦਿਨ ਹੇਰੇਡਿਯਾ ਨੂੰ ਉਸ ਸਮੇਂ ਹਿਰਾਸਤ ਵਿਚ ਲਿਆ ਗਿਆ ਜਦੋਂ ਇਕ ਜੱਜ ਨੇ ਧਨ ਸ਼ੋਧਨ ਅਤੇ ਬ੍ਰਾਜ਼ੀਲ ਦੇ ਕਈ ਦਾਗ਼ੀ ਨਿਰਮਾਣ ਕੰਪਨੀ ਅੋਦਬ੍ਰੇਖਤ ਨਾਲ ਸਬੰਧਤ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਜਾਂਚ ਚਲਣ ਤਕ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦੇ ਦਿਤਾ।
ਜੱਜ ਨੇ ਬੀਤੀ ਰਾਤ ਅਪਣਾ ਹੁਕਮ ਜਾਰੀ ਕੀਤਾ ਜਿਸ ਦੇ ਤੁਰਤ ਬਾਅਦ ਹੁਮਾਲਾ ਅਤੇ ਉਨ੍ਹਾਂ ਦੀ ਪਤਨੀ ਨੂੰ ਪੁਲਿਸ ਸੁਰੱਖਿਆ ਵਿਚ ਅਦਾਲਤ ਲੈ ਜਾਇਆ ਗਿਆ। ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਗਈ। ਇਸਤਗਾਸਾ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਕ ਅਰਜ਼ੀ ਦਿਤੀ ਸੀ ਜਿਸ ਵਿਚ ਦੋਹਾਂ ਨੂੰ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ ਸੀ। ਉਸ ਨੇ ਤਰਕ ਦਿਤਾ ਸੀ ਕਿ ਇਹ ਜੋੜਾ ਨਿਆਂ ਤੋਂ ਬਚਣ ਲਈ ਪੇਰੂ ਤੋਂ ਭੱਜ ਸਕਦਾ ਹੈ। ਜੱਜ ਰਿਚਰਡ ਕਾਨਸੇਪਸਿਯਨ ਨੇ ਜਾਂਚ ਦੌਰਾਨ ਉਨ੍ਹਾਂ ਨੂੰ 18 ਮਹੀਨੇ ਤਕ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦਿਤਾ ਹੈ।
ਸਾਬਕਾ ਰਾਸ਼ਟਰਪਤੀ ਨੇ ਅਪਣੇ ਉਪਰ ਲੱਗੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ਼ ਕੀਤਾ ਹੈ। ਅੋਦਬ੍ਰੇਖਤ ਦੇ ਸਾਬਕਾ ਮੁਖੀ ਦੀ ਗਵਾਹੀ ਮਗਰੋਂ ਸਾਬਕਾ ਰਾਸ਼ਟਰਪਤੀ 'ਤੇ ਇਹ ਦੋਸ਼ ਲੱਗਿਆ ਜਿਸ ਵਿਚ ਕਿਹਾ ਗਿਆ ਕਿ ਸਾਲ 2011 ਦੀ ਰਾਸ਼ਟਰਪਤੀ ਚੋਣ ਦੌਰਾਨ ਹੁਮਾਲਾ ਦੀ ਪ੍ਰਚਾਰ ਮੁਹਿੰਮ ਵਿਚ ਉਨ੍ਹਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ 3 ਮਿਲੀਯਨ ਡਾਲਰ (ਕਰੀਬ 19.33 ਕਰੋੜ ਰੁਪਏ) ਦਾ ਯੋਗਦਾਨ ਦਿਤਾ ਸੀ। ਇਸ ਜੋੜੇ 'ਤੇ ਵੇਨਜ਼ੁਏਲਾ ਦੇ ਮਰਹੂਮ ਨੇਤਾ ਹਿਯੂਗੋ ਸ਼ਾਵੇਜ ਤੋਂ ਬਿਨਾਂ ਜਾਣਕਾਰੀ ਵਾਲਾ ਧਨ ਲੈਣ ਦਾ ਵੀ ਦੋਸ਼ ਲੱਗਾ ਹੈ। ਹੁਮਾਲਾ 2011 ਤੋਂ ਸਾਲ 2016 ਤਕ ਪੇਰੂ ਦੇ ਰਾਸ਼ਟਰਪਤੀ ਸਨ। (ਪੀ.ਟੀ.ਆਈ)