ਭਾਰਤ ਨੇ 'ਪੰਚਸ਼ੀਲ' ਸਿਧਾਂਤਾਂ ਦਾ ਘਾਣ ਕੀਤਾ : ਚੀਨ
ਚੀਨ ਨੇ ਭਾਰਤ ਉਤੇ ਪੰਚਸ਼ੀਲ ਦੇ ਸਿਧਾਂਤਾਂ ਦਾ ਮਲੀਆਮੇਟ ਕਰਨ ਦਾ ਵੀ ਦੋਸ਼ ਲਾਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਜਿੰਨੀ ਛੇਤੀ ਹੋ ਸਕੇ...
ਬੀਜਿੰਗ, 5 ਜੁਲਾਈ : ਚੀਨ ਨੇ ਭਾਰਤ ਉਤੇ ਪੰਚਸ਼ੀਲ ਦੇ ਸਿਧਾਂਤਾਂ ਦਾ ਮਲੀਆਮੇਟ ਕਰਨ ਦਾ ਵੀ ਦੋਸ਼ ਲਾਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਜਿੰਨੀ ਛੇਤੀ ਹੋ ਸਕੇ, ਅਪਣੀ ਗ਼ਲਤੀਆਂ ਸੁਧਾਰੇ ਅਤੇ ਭਾਰਤੀ ਫ਼ੌਜੀਆਂ ਨੂੰ ਚੀਨੀ ਇਲਾਕੇ ਵਿਚੋਂ ਬਾਹਰ ਕੱਢੇ। ਬੁਲਾਰੇ ਨੇ ਕਿਹਾ ਕਿ ਭਾਰਤ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕਰ ਰਿਹਾ ਹੈ ਕਿ ਚੀਨ ਸਿੱਕਮ ਖੇਤਰ ਵਿਚ ਸੜਕ ਦਾ ਨਿਰਮਾਣ ਕਰ ਰਿਹਾ ਹੈ।
ਉਧਰ, ਚੀਨ ਦੇ ਸਰਕਾਰੀ ਮੀਡੀਆ ਨੇ ਭਾਰਤ 'ਤੇ ਹਮਲਾ ਹੋਰ ਤੇਜ਼ ਕਰਦਿਆਂ ਕਿਹਾ ਹੈ ਕਿ ਭਾਰਤੀ ਫ਼ੌਜੀ ਸਿੱਕਮ ਸੈਕਟਰ ਦੇ ਦੋਕਾ ਲਾ ਇਲਾਕੇ ਵਿਚੋਂ ਇੱਜ਼ਤ ਨਾਲ ਬਾਹਰ ਚਲੇ ਜਾਣ।
ਚੀਨ ਦੇ ਅਖ਼ਬਾਰ ਗਲੋਬਲ ਟਾਈਮਜ਼ ਨੇ ਕਿਹਾ ਕਿ ਭਾਰਤ ਨੂੰ ਸਖ਼ਤ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਇਕ ਹੋਰ ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਲਿਖਿਆ ਕਿ ਭਾਰਤ ਨੂੰ ਅਪਣੇ ਅੰਦਰ ਝਾਕਣਾ ਚਾਹੀਦਾ ਹੈ। ਇਸ ਅਖ਼ਬਾਰ ਨੇ ਸੰਪਾਦਕੀ ਵਿਚ ਲਿਖਿਆ ਕਿ ਦੋਕਾ ਲਾ ਇਲਾਕੇ ਵਿਚ ਤੀਜੇ ਹਫ਼ਤੇ ਵੀ ਰੇੜਕਾ ਕਾਇਮ ਹੈ ਅਤੇ ਭਾਰਤ ਨੂੰ ਸਖ਼ਤ ਸਬਕ ਸਿਖਾਇਆ ਜਾਵੇ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਚੀਨੀ ਲੋਕ ਭਾਰਤ ਦੇ ਉਕਸਾਵੇ ਤੋਂ ਦੁਖੀ ਹਨ। ਅਖ਼ਬਾਰ ਲਿਖਦਾ ਹੈ, 'ਸਾਡਾ ਮੰਨਣਾ ਹੈ ਕਿ ਚੀਨੀ ਜ਼ਮੀਨ ਤੋਂ ਭਾਰਤੀ ਫ਼ੌਜੀਆਂ ਨੂੰ ਬਾਹਰ ਕੱਢਣ ਲਈ ਚੀਨ ਦੀ ਫ਼ੌਜ ਪੀਐਲਏ ਪੂਰੀ ਤਰ੍ਹਾਂ ਸਮਰੱਥ ਹੈ। ਭਾਰਤੀ ਫ਼ੌਜ ਪੂਰੇ ਸਨਮਾਨ ਨਾਲ ਅਪਣੇ ਖੇਤਰ ਵਿਚ ਮੁੜ ਜਾਵੇ ਜਾਂ ਫਿਰ ਚੀਨੀ ਫ਼ੌਜੀ ਉਸ ਨੂੰ ਇਲਾਕੇ ਵਿਚੋਂ ਕੱਢ ਦੇਣਗੇ। ਇਕ ਹੋਰ ਅਖ਼ਬਾਰ ਲਿਖਦਾ ਹੈ ਕਿ ਇਸ ਮਾਮਲੇ ਨਾਲ ਸਿੱਝਣ ਲਈ ਸਰਕਾਰੀ ਅਤੇ ਫ਼ੌਜੀ ਅਧਿਕਾਰੀਆਂ ਨੂੰ ਪੂਰੇ ਅਧਿਕਾਰ ਦੇਣ ਦੀ ਲੋੜ ਹੈ। ਜੇ ਪੇਸ਼ੇਵਰਾਂ ਨੇ ਭਾਰਤ ਵਿਰੁਧ ਲੜਨਾ ਹੋਵੇ ਅਤੇ ਅਪਣੇ ਹੱਕਾਂ ਦੀ ਰਾਖੀ ਕਰਨੀ ਹੋਵੇ ਤਾਂ ਚੀਨੀ ਲੋਕ ਜਿੰਨਾ ਇਕਜੁੱਟ ਰਹਿਣਗੇ, ਓਨਾ ਜ਼ਿਆਦਾ ਫ਼ਾਇਦਾ ਭਾਰਤ ਵਿਰੁਧ ਲੜਾਈ 'ਚ ਮਿਲੇਗਾ। ਅਖ਼ਬਾਰ ਮੁਤਾਬਕ ਇਸ ਵਕਤ ਨਿਸ਼ਚਿਤ ਰੂਪ ਵਿਚ ਭਾਰਤ ਨੂੰ ਸਖ਼ਤ ਸਬਕ ਸਿਖਾਇਆ ਜਾਣਾ ਚਾਹੀਦਾ ਹੈ। (ਏਜੰਸੀ)