ਮੋਦੀ ਵਲੋਂ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਰਿਸ਼ਤੇ ਹੋਰ ਮਜ਼ਬੂਤ ਕਰਨ ਦਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਅਪਣੇ ਹਮਅਹੁਦਾ ਕੇ.ਪੀ. ਸ਼ਰਮਾ ਓਲੀ ਦੇ ਨਾਲ ਦੋਵੇਂ ਗੁਆਂਢੀ ਦੇਸ਼ਾਂ ਦੇ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ...

modi and nepal pm

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਅਪਣੇ ਹਮਅਹੁਦਾ ਕੇ.ਪੀ. ਸ਼ਰਮਾ ਓਲੀ ਦੇ ਨਾਲ ਦੋਵੇਂ ਗੁਆਂਢੀ ਦੇਸ਼ਾਂ ਦੇ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਨੇਤਾਵਾਂ ਦੇ ਵਿਚਕਾਰ ਉਨ੍ਹਾਂ ਦੇ ਦੁਵੱਲੇ ਸਬੰਧਾਂ ਨਾਲ ਸਬੰਧਤ ਸਾਰੇ ਪਹਿਲੂਆਂ 'ਤੇ ਚਰਚਾ ਹੋਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਵਫ਼ਦ ਪੱਧਰ ਦੀ ਗੱਲਬਾਤ ਦੇ ਲਈ ਉੱਚ ਪੱਧਰੀ ਦੌਰਿਆਂ ਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦਾ ਹੈਦਰਾਬਾਦ ਹਾਊਸ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ। 

ਮੋਦੀ ਨੇ ਕੱਲ੍ਹ ਨੇਪਾਲੀ ਪ੍ਰਧਾਨ ਮੰਤਰੀ ਨਾਲ ਇੱਥੇ ਅਪਣੀ ਅਧਿਕਾਰਕ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਤਿੰਨ ਦਿਨਾ ਦੌਰੇ 'ਤੇ ਭਾਰਤ ਆਏ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਪੀ ਓਲੀ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਗੱਲਬਾਤ ਵਿਚ ਪੀਐਮ ਮੋਦੀ ਨੇ ਕਿਹਾ ਕਿ ਨੇਪਾਲ ਦੇ ਵਿਕਾਸ ਵਿਚ ਭਾਰਤ ਦੇ ਯੋਗਦਾਨ ਦਾ ਲੰਬਾ ਇਤਿਹਾਸ ਰਿਹਾ ਹੈ, ਮੈਂ ਪੀਐਮ ਕੇਪੀ ਓਲੀ ਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹਾਂ ਕਿ ਇਹ ਅੱਗੇ ਵੀ ਜਾਰੀ ਰਹੇਗਾ। 

ਇਸ ਦੌਰਾਨ ਪੀਐਮ ਮੋਦੀ ਅਤੇ ਕੇਪੀ ਓਲੀ ਨੇ ਨਾਲ ਮਿਲ ਕੇ ਨੇਪਾਲ ਪੈਟਰੋਲੀਅਮ ਪ੍ਰੋਡਕਟ ਪਾਈਪਲਾਈਨ ਦਾ ਉਦਘਾਟਨ ਵੀ ਕੀਤਾ। ਮੋਦੀ ਨੇ ਕਿਹਾ ਕਿ ਸੁਰੱਖਿਆ ਦੇ ਲਿਹਾਜ ਨਾਲ ਵੀ ਨੇਪਾਲ ਅਤੇ ਭਾਰਤ ਦੇ ਰਿਸ਼ਤੇ ਕਾਫ਼ੀ ਮਜ਼ਬੂਤ ਹਨ। ਨੇਪਾਲ ਨੇ ਹਮੇਸ਼ਾਂ ਤੋਂ ਭਾਰਤ ਦੇ ਨਾਲ ਅਪਣੇ ਰਿਸ਼ਤਿਆਂ ਨੂੰ ਪੂਰੀ ਤਵੱਜੋ ਦਿਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਅੱਗੇ ਵੀ ਅਸੀਂ ਮਿਲ ਕੇ ਨਾਲ ਕੰਮ ਕਰਾਂਗੇ। ਹੁਣ ਅਸੀਂ ਨਵੀਂ ਰੇਲਵੇ ਲਾਈਨ 'ਤੇ ਕੰਮ ਕਰਾਂਗੇ ਜੋ ਸਾਨੂੰ ਕਾਠਮੰਡੂ ਨਾਲ ਜੋੜੇਗੀ।
ਉਥੇ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਮੈਂ ਪੀਐਮ ਮੋਦੀ ਨੂੰ ਨੇਪਾਲ ਆਉਣ ਦਾ ਸੱਦਾ ਦਿਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਮੋਦੀ ਜਲਦ ਹੀ ਨੇਪਾਲ ਦੀ ਯਾਤਰਾ 'ਤੇ ਆਉਣਗੇ।