Covid-19: ਬ੍ਰਿਟਿਸ਼ ਪੀਐਮ ਦੀ ਸਿਹਤ ਵਿਗੜੀ, ਆਈਸੀਯੂ ਵਿਚ ਕੀਤੇ ਸ਼ਿਫਟ
ਦੁਨੀਆ ਭਰ ਵਿਚ ਕੋਰੋਨਾ ਨੇ ਹੁਣ ਤੱਕ 73 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ।
ਲੰਡਨ: ਦੁਨੀਆ ਭਰ ਵਿਚ ਕੋਰੋਨਾ ਨੇ ਹੁਣ ਤੱਕ 73 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਉੱਥੇ ਹੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 13 ਲੱਖ 28 ਹਜ਼ਾਰ 400 ਤੋਂ ਪਾਰ ਪਹੁੰਚ ਗਈ ਹੈ। ਹੁਣ ਕੋਰੋਨਾ ਵਾਇਰਸ ਨਾਲ ਪੀੜਤ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਈਸੀਯੂ ਵਿਚ ਹਨ।
ਐਤਵਾਰ ਨੂੰ ਉਹਨਾਂ ਨੂੰ ਟੈਸਟ ਲਈ ਲੰਡਨ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਾਨਸਨ 27 ਮਾਰਚ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ। ਜਿਸ ਤੋਂ ਬਾਅਦ ਉਹ ਕੁਆਰੰਟਾਈਨ ਵਿਚ ਸਨ। ਬ੍ਰਿਟੇਨ ਵਿਚ ਕੋਰੋਨਾ ਨਾਲ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। 10 ਦਿਨ ਪਹਿਲਾਂ ਕੋਰੋਨਾ ਦੀ ਪੁਸ਼ਟੀ ਹੋਣ ‘ਤੇ ਜਾਨਸਨ ਨੂੰ ਡਾਊਨਿੰਗ ਸਟ੍ਰੀਟ ਵਿਚ ਕੁਆਰੰਟਾਈਨ ਕੀਤਾ ਗਿਆ ਸੀ।
ਆਈਸੋਲੇਸ਼ਨ ਦੌਰਾਨ ਵੀ ਬ੍ਰਿਟਿਸ਼ ਪੀਐਮ ਨੇ ਜਰੂਰੀ ਕੰਮਕਾਜ ਜਾਰੀ ਰੱਖਿਆ ਸੀ। ਫਿਲਹਾਲ ਵਿਦੇਸ਼ ਮੰਤਰੀ ਉਹਨਾਂ ਦਾ ਕੰਮਕਾਜ ਦੇਖਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੋਰੋਨਾ ਵਾਇਰਸ ਨਾਲ ਪੀੜਤ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬ੍ਰਿਟਿਸ਼ ਪ੍ਰਧਾਨਮੰਤਰੀ ਦਫਤਰ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਸੀ ਕਿ ਬੋਰਿਸ ਜੌਨਸਨ ਨੂੰ ਐਤਵਾਰ ਦੇਰ ਰਾਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਬ੍ਰਿਟਿਸ਼ ਪੀਐਮ ਦਫਤਰ ਅਨੁਸਾਰ ਜਾਨਸਨ ਵਿਚ ਕੋਰੋਨਾ ਵਾਇਰਸ ਦੇ ਲੱਛਣ ਹਾਲੇ ਵੀ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਵੀ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਉਹਨਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਸੀ । ਇਸ ਦੀ ਜਾਣਕਾਰੀ ਕਲੇਰੈਂਸ ਹਾਊਸ ਨੇ ਦਿੱਤੀ ਸੀ। 71 ਸਾਲਾ ਪ੍ਰਿੰਸ ਚਾਰਲਸ ਦਾ ਸਕਾਟਲੈਂਡ ਵਿਚ ਕੋਰੋਨਾ ਵਾਇਰਸ ਟੈਸਟ ਕੀਤਾ ਗਿਆ ਸੀ।