ਮਾਸਕ 'ਤੇ ਹਫ਼ਤਾ ਭਰ, ਬੈਂਕ ਨੋਟ 'ਤੇ ਕਈ ਦਿਨਾਂ ਤਕ ਜਿਊਂਦਾ ਰਹਿ ਸਕਦੈ ਕੋਰੋਨਾ ਵਾਇਰਸ : ਅਧਿਐਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਸਕ 'ਤੇ ਹਫ਼ਤਾ ਭਰ, ਬੈਂਕ ਨੋਟ 'ਤੇ ਕਈ ਦਿਨਾਂ ਤਕ ਜਿਊਂਦਾ ਰਹਿ ਸਕਦੈ ਕੋਰੋਨਾ ਵਾਇਰਸ : ਅਧਿਐਨ

MASK

ਬੀਜਿੰਗ, 6 ਅਪ੍ਰੈਲ: ਦੁਨੀਆਂ ਭਰ ਵਿਚ ਜਾਨਲੇਵਾ ਬਣਿਆ ਕੋਰੋਨਾ ਵਾਇਰਸ ਚਿਹਰੇ 'ਤੇ ਲਾਏ ਜਾਣ ਵਾਲੇ ਮਾਸਕ 'ਤੇ ਹਫ਼ਤਾ ਭਰ ਤਕ ਅਤੇ ਬੈਂਕ ਨੋਟ, ਸਟੀਲ ਤੇ ਪਲਾਸਟਿਕ ਦੀ ਸਤ੍ਹਾ 'ਤੇ ਕਈ ਦਿਨਾਂ ਤਕ ਜ਼ਿੰਦਾ ਰਹਿੰਦਿਆਂ ਲਾਗ ਫੈਲਾ ਸਕਦਾ ਹੈ। ਇਹ ਦਾਅਵਾ ਤਾਜ਼ਾ ਅਧਿਐਨ ਵਿਚ ਕੀਤਾ ਗਿਆ ਹੈ।


ਹਾਂਗਕਾਂਗ ਯੂਨੀਵਰਸਿਟੀ ਦੇ ਅਧਿਐਨਕਾਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਘਰ ਵਿਚ ਵਰਤੇ ਜਾਂਦੇ ਕੀਟਾਣੂ ਨਾਸ਼ਕਾਂ, ਬਲੀਚ ਜਾਂ ਸਾਬਣ ਤੇ ਪਾਣੀ ਨਾਲ ਵਾਰ ਵਾਰ ਹੱਥ ਧੋਣ ਨਾਲ ਮਰ ਜਾਂਦਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਵਿਚ ਸੋਮਵਾਰ ਨੂੰ ਛਪੀ ਰੀਪੋਰਟ ਵਿਚ ਦਸਿਆ ਗਿਆ ਕਿ ਅਧਿਐਨ ਵਿਚ ਵੇਖਿਆ ਕਿ ਕੋਰੋਨਾ ਵਾਇਰਸ ਸਟੇਨਲੈਸ ਸਟੀਲ ਅਤੇ ਪਲਾਸਟਿਕ ਦੀ ਸਤ੍ਹਾ 'ਤੇ ਚਾਰ ਦਿਨਾਂ ਤਕ ਚਿੰਬੜਿਆ ਰਹਿ ਸਕਦਾ ਹੈ ਅਤੇ ਮਾਸਕ ਦੀ ਬਾਹਰੀ ਸਤ੍ਹਾ 'ਤੇ ਹਫ਼ਤਿਆਂ ਤਕ ਜ਼ਿੰਦਾ ਰਹਿ ਸਕਦਾ ਹੈ। ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਅਧਿਐਨਕਾਰਾਂ ਲਿਉ ਪੂਨ ਲਿਤਮੈਨ ਅਤੇ ਮਲਿਕ ਪੇਰੀਜ਼ ਨੇ ਕਿਹਾ, 'ਸਾਰਸ ਸੀਓਵੀ-2 ਅਨੁਕੂਲ ਵਾਤਾਵਰਣ ਵਿਚ ਬੇਹੱਦ ਸਥਿਰ ਰਹਿ ਸਕਦਾ ਹੈ ਪਰ ਇਹ ਰੋਗਾਣੂ ਮੁਕਤ ਕਰਨ ਦੇ ਤਰੀਕਿਆਂ ਪ੍ਰਤੀ ਅਤਿ ਸੰਵੇਦਨਸ਼ੀਲ ਵੀ ਹੈ।'


ਪ੍ਰਿੰਟਿੰਗ ਅਤੇ ਟਿਸ਼ੂ ਪੇਪਰ ਉਤੇ ਇਹ ਤਿੰਨ ਘੰਟੇ ਜਦਕਿ ਲਕੜੀ ਜਾਂ ਕਪੜੇ ਉਤੇ ਇਹ ਪੂਰਾ ਦਿਨ ਰਹਿ ਸਕਦਾ ਹੈ। ਕੱਚ ਉਤੇ ਵੀ ਇਹ ਚਾਰ ਦਿਨ ਤਕ ਰਹਿ ਸਕਦਾ ਹੈ। ਇਹ ਅਧਿਐਨ 'ਦਾ ਲਾਂਸੇਟ' ਰਸਾਲੇ ਵਿਚ ਛਪਿਆ ਹੈ। (ਏਜੰਸੀ)