ਕਿਰਨ ਬਾਲਾ ਮਾਮਲੇ ਨਾਲ ਮੇਰਾ ਕੋਈ ਸਬੰਧ ਨਹੀਂ : ਤਲਬੀਰ ਸਿੰਘ ਗਿੱਲ
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ....
7 ਮਈ : (ਚਰਨਜੀਤ ਸਿੰਘ): ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਅਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਕਿਰਨ ਬਾਲਾ ਦੇ ਵਿਵਾਦਤ ਮਾਮਲੇ ਨਾਲ ਅਪਣੇ ਆਪ ਨੂੰ ਵੱਖ ਕਰਦਿਆਂ ਉਨ੍ਹਾਂ ਦਾ ਉਕਤ ਵਿਵਾਦਤ ਮਾਮਲੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਹੋਣ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।
ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਕੁੱਝ ਅਖ਼ਬਾਰਾਂ ਵਿਚ ਉਕਤ ਮਾਮਲੇ ਨਾਲ ਉਨ੍ਹਾਂ ਨੂੰ ਜੋੜੇ ਜਾਣ ਬਾਰੇ ਛਪੀਆਂ ਰੀਪੋਰਟਾਂ ਪੜ੍ਹ ਕੇ ਬਹੁਤ ਹੈਰਾਨੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸੱਭ ਕੁੱਝ ਸਚਾਈ ਤੋਂ ਕੋਹਾਂ ਦੂਰ ਅਤੇ ਕੋਰਾ ਝੂਠ ਦਾ ਪੁਲੰਦਾ ਹੈ, ਇਹ ਕੁੱਝ ਲੋਕਾਂ ਦੀ ਸਾਜ਼ਸ਼ ਤਹਿਤ ਉਸ ਦੀ ਸ਼ਖ਼ਸੀਅਤ ਅਤੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਝੇ ਯਤਨ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਉਕਤ ਮਾਮਲੇ 'ਚ ਉਨ੍ਹਾਂ ਦਾ ਨਾਮ ਬੇਵਜ੍ਹਾ ਤੇ ਨਾਜਾਇਜ਼ ਘੜੀਸਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਵਿਸਾਖੀ ਮਨਾਉਣ ਗਈ ਅਤੇ ਉਥੇ ਜਾ ਕੇ ਧਰਮ ਪ੍ਰੀਵਰਤਨ ਕਰਦਿਆਂ ਵਿਆਹ ਕਰਵਾ ਲੈਣ ਵਾਲੀ ਬੀਬੀ ਕਿਰਨ ਬਾਲਾ ਨਾਲ ਉਨ੍ਹਾਂ ਦਾ ਦੂਰ ਦਾ ਵੀ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਵਲੋਂ ਕਿਰਨ ਬਾਲਾ ਜਾਂ ਕਿਸੇ ਹੋਰ ਦੇ ਪਾਕਿਸਤਾਨ ਦੇ ਵੀਜ਼ੇ ਲਈ ਕਦੀ ਵੀ ਕੋਈ ਸਿਫ਼ਾਰਸ਼ ਨਹੀਂ ਕੀਤੀ ਗਈ। ਜੇ ਕਿਸੇ ਅਧਿਕਾਰੀ ਨੇ ਅਪਣੀ ਕਿਸੇ ਗ਼ਲਤੀ, ਮਜਬੂਰੀ ਜਾਂ ਕਮਜ਼ੋਰੀ ਨੂੰ ਛੁਪਾਉਣ ਜਾਂ ਪਰਦਾਪੋਸ਼ੀ ਲਈ ਉਸ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ ਤਾਂ ਇਹ ਉਸ ਅਧਿਕਾਰੀ ਦੀ ਗ਼ੈਰ ਜ਼ਿੰਮੇਦਾਰਾਨਾ ਹਰਕਤ ਹੈ, ਜਿਸ ਪ੍ਰਤੀ ਉਹ ਅਧਿਕਾਰੀ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੈ।