ਓਸੀਆਈ ਕਾਰਡਧਾਰਕ ਅਤੇ ਵਿਦੇਸ਼ੀ ਨਾਗਰਿਕ ਉਡਾਣਾਂ ਖੁਲ੍ਹਣ ਤਕ ਕਰਨ ਇੰਤਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ੇਸ਼ ਯਾਤਰਾ ਲਈ ਦੋਵਾਂ ਦੇਸ਼ਾਂ ਤੋਂ ਲੈਣੀ ਹੋਵੇਗੀ ਆਗਿਆ

File Photo

ਪਰਥ, 6 ਮਈ (ਪਿਆਰਾ ਸਿੰਘ ਨਾਭਾ): ਕੋਰੋਨਾ ਵਇਰਸ ਮਹਾਂਮਾਰੀ ਕਾਰਨ ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਨੂੰ ਦਿਤੇ ਸਾਰੇ ਮੌਜੂਦਾ ਵੀਜ਼ਿਆਂ ਨੂੰ ਮੁਅੱਤਲ ਕਰ ਦਿਤਾ ਹੈ ਅਤੇ ਓਸੀਆਈ (ਓਵਰਸੀਜ਼ ਸਿਟੀਜ਼ਨਸ ਆਫ਼ ਇੰਡੀਆ) ਕਾਰਡ ਧਾਰਕਾਂ ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ ਮੁੜ ਸ਼ੁਰੂ ਹੋਣ ਤਕ ਦੇਸ਼ (ਭਾਰਤ) ਜਾਣ 'ਤੇ ਪਾਬੰਦੀ ਲਗਾ ਦਿਤੀ ਹੈ। ਹਾਲਾਂਕਿ, ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਓਸੀਆਈ ਕਾਰਡ ਜਿਹੜਾ 'ਮਜਬੂਰੀ ਕਾਰਨਾਂ' ਕਰ ਕੇ ਯਾਤਰਾ ਕਰਨ ਦਾ ਇਰਾਦਾ ਰੱਖਦਾ ਹੈ ਜਦੋਂਕਿ ਪਾਬੰਦੀਆਂ ਲਾਗੂ ਰਹਿੰਦੀਆਂ ਹਨ, ਨੂੰ ਨਜ਼ਦੀਕੀ ਭਾਰਤੀ ਹਾਈਕਮਿਸ਼ਨ ਦਫ਼ਤਰ ਨਾਲ ਸੰਪਰਕ ਕਰਨ ਦੀ ਸਲਾਹ ਦਿਤੀ ਗਈ ਹੈ।

ਪਰ ਜਿਹੜੇ ਪਹਿਲਾਂ ਹੀ ਭਾਰਤ ਵਿਚ ਹਨ। Àਨ੍ਹਾਂ ਦੇ ਓਸੀਆਈ ਕਾਰਡ 'ਕਿਸੇ ਵੀ ਸਮੇਂ' ਲਈ ਵੈਧ ਰਹਿਣਗੇ। ਗੌਰਤਲਬ ਹੈ ਕਿ ਅਗਰ ਕੋਈ ਆਸਟਰੇਲਿਆਈ ਪਾਸਪੋਰਟ ਧਾਰਕ ਇਸ ਅਰਸੇ ਦੌਰਾਨ ਭਾਰਤ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਨਵੀਂ ਸਲਾਹਕਾਰੀ ਨੀਤੀ ਮੁਤਾਬਕ ਯਾਤਰੀ ਨੂੰ ਦੋਵਾਂ ਦੇਸ਼ਾਂ ਤੋਂ ਆਗਿਆ ਲੈਣੀ ਹੋਵੇਗੀ। ਇਸ ਲਈ ਆਸਟਰੇਲੀਆ ਦੇ ਨਾਗਰਿਕਾਂ ਨੂੰ ਪਹਿਲਾਂ ਗ੍ਰਹਿ ਮਾਮਲੇ ਵਿਭਾਗ ਤੋਂ ਵਿਦੇਸ਼ ਜਾਣ ਦੀ ਮਨਜ਼ੂਰੀ ਲਈ ਬੇਨਤੀ ਕਰਨੀ ਪਵੇਗੀ। ਜਿਸਦੇ ਤਹਿਤ ਵਿਭਾਗ ਵਿਸ਼ੇਸ਼ ਕਾਰਨਾਂ ਨੂੰ ਮੱਦੇਨਜ਼ਰ ਰਖਦਿਆਂ ਬਿਨੈਕਾਰ ਆਸਟਰੇਲਿਆਈ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਵਿਦੇਸ਼ ਜਾਣ ਦੀ ਛੋਟ ਦੇ ਸਕਦਾ ਹੈ। ਪਰ, ਆਸਟ੍ਰੇਲਿਆਈ ਵਿਭਾਗ ਵਲੋਂ ਵੀਜ਼ੇ ਬਾਬਤ ਹਾਂ ਤੋਂ ਬਾਅਦ ਬਿਨੈਕਾਰ ਨੂੰ ਭਾਰਤੀ ਹਾਈ ਕਮਿਸ਼ਨ, ਕੈਨਬਰਾ ਤਰਫ਼ੋਂ ਵੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।